ਮਾਨ ਸਰਕਾਰ ਦੇ ਗਲ਼ੇ ਦੀ ਹੱਡੀ ਬਣਿਆ VC ਰਾਜ ਬਹਾਦੁਰ ਦਾ `ਅਸਤੀਫ਼ਾ`
ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਦੀ ਕਾਰਵਾਈ ਕਾਰਨ ਮਾਨ ਸਰਕਾਰ ਦੀ ਸੋਸ਼ਲ ਮੀਡੀਆ ਅਤੇ ਵਿਰੋਧੀਆਂ ’ਚ ਹੋਈ ਕਿਰਕਿਰੀ ਮੁੱਖ ਮੰਤਰੀ ਭਗਵੰਤ ਮਾਨ ਨਰਾਜ਼ ਚੱਲ ਰਹੇ ਹਨ।
ਚੰਡੀਗੜ੍ਹ: ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਦੀ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਵਿਰੋਧੀਆਂ ’ਚ ਹੋਈ ਕਿਰਕਿਰੀ ਕਾਰਨ CM ਭਗਵੰਤ ਮਾਨ ਨਰਾਜ਼ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸਿਹਤ ਮੰਤਰੀ ਮੁਲਾਕਾਤ ਲਈ ਮੁੱਖ ਮੰਤਰੀ ਰਿਹਾਇਸ਼ ’ਤੇ ਚੰਡੀਗੜ੍ਹ ਗਏ ਸਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ।
ਮੁੱਖ ਮੰਤਰੀ ਦੇ ਪਿਤਾ ਦਾ ਇਲਾਜ ਕੀਤਾ ਸੀ ਡਾ. ਰਾਜ ਬਹਾਦੁਰ ਨੇ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਾਨ ਨੇ ਇਸ ਮਾਮਲੇ ਨੂੰ ਲੈਕੇ ਕੇ ਸਿਹਤ ਮੰਤਰੀ ਦੀ ਫ਼ੋਨ ’ਤੇ ਕਲਾਸ ਵੀ ਲਗਾਈ ਹੈ। ਇੰਨਾ ਹੀ ਨਹੀਂ ਬਲਕਿ ਮੁੱਖ ਮੰਤਰੀ ਮਾਨ ਦਾ ਇਹ ਬਿਆਨ ਵੀ ਸਾਹਮਣੇ ਆ ਚੁੱਕਾ ਹੈ ਕਿ ਉਹ ਡਾ. ਰਾਜ ਬਹਾਦੁਰ (Dr. Raj Bahadur)ਨੂੰ ਕਾਫ਼ੀ ਸਮੇਂ ਤੋਂ ਜਾਣਦੇ ਹਨ, ਉਹ ਬਹੁਤ ਹੀ ਤਜ਼ੁਰਬੇਕਾਰ ਅਤੇ ਯੋਗ ਡਾਕਟਰ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾ ਦੇ ਪਿਤਾ ਦੀ ਰੀੜ ਦੀ ਹੱਡੀ ’ਚ ਸਮੱਸਿਆ ਆ ਗਈ ਸੀ ਤਾਂ ਉਨ੍ਹਾਂ ਦਾ ਇਲਾਜ ਵੀ ਡਾ. ਰਾਜ ਬਹਾਦੁਰ ਨੇ ਕੀਤਾ ਸੀ।
ਦੱਸ ਦੇਈਏ ਕਿ ਡਾ. ਰਾਜ ਬਹਾਦੁਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਪਰ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਜੌੜਮਾਜਰਾ ਵਲੋਂ ਕੀਤੇ ਗਏ ਮਾੜੇ ਵਤੀਰੇ ਕਾਰਨ ਉਨ੍ਹਾਂ ਨੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉੱਧਰ ਮੁੱਖ ਮੰਤਰੀ ਨੇ ਡਾ. ਰਾਜ ਬਹਾਦੁਰ ਦਾ ਅਸਤੀਫ਼ਾ ਪ੍ਰਵਾਨ ਨਾ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਸਰਕਾਰ ਦੁਆਰਾ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਕਿ ਜੋ ਵੀ ਹੋਇਆ ਗਲਤ ਹੋਇਆ ਹੈ।
ਸੋਸ਼ਲ ਮੀਡੀਆ ’ਤੇ ਤੂਲ ਫੜ ਚੁੱਕਾ ਹੈ ਇਹ ਮੁੱਦਾ
ਵਾਈਸ ਚਾਂਸਲਰ ਰਾਜ ਬਹਾਦੁਰ ਨਾਲ ਸਿਹਤ ਮੰਤਰੀ ਜੌੜਮਾਜਰਾ ਦੁਆਰਾ ਕੀਤੇ ਗਏ ਵਤੀਰੇ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਵੀ ਤੂਲ ਫੜ ਚੁੱਕਾ ਹੈ। ਸੋਸ਼ਲ ਮੀਡੀਆ (Social Media) ’ਤੇ ਕੁਝ ਲੋਕ ਸਿਹਤ ਮੰਤਰੀ ਜੌੜੇਮਾਜਰਾ ਦੀ ਕਾਰਵਾਈ ਨੂੰ ਸਹੀ ਠਹਿਰਾ ਰਿਹਾ ਹੈ ਤੇ ਕੁਝ ਲੋਕ VC ਰਾਜ ਬਹਾਦੁਰ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ।
ਇੰਡੀਅਨ ਮੈਡੀਕਲ ਐਸੋਸ਼ੀਏਸ਼ਨ (IMA) ਨੇ ਸਿਹਤ ਮੰਤਰੀ ਜੌੜੇਮਾਜਰਾ ਨੂੰ ਉਨਾਂ ਦੇ ਰਵੱਈਏ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 'ਆਪ' ਦੀ ਹਾਈਕਮਾਨ ਵੀ ਕਿਤੇ ਨਾ ਕਿਤੇ ਸਿਹਤ ਮੰਤਰੀ ਦੀ ਕਾਰਗੁਜ਼ਾਰੀ ਤੋਂ ਖਫ਼ਾ ਦਿਖਾਈ ਦੇ ਰਹੀ ਹੈ।
ਪਹਿਲੇ ਸਿਹਤ ਮੰਤਰੀ ਸਿੰਗਲਾ ਵੀ ਰਹੇ ਸਨ ਸੁਰਖੀਆਂ ’ਚ
ਦੱਸ ਦੇਈਏ ਕਿ ਚੇਤਨ ਸਿੰਘ ਜੌੜੇਮਾਜਰਾ ਤੋਂ ਪਹਿਲਾਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ (Vijay Singla) ਨੂੰ ਵੀ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਲੱਗੇ ਇਲਜ਼ਾਮਾਂ ਕਾਰਨ ਕੁਰਸੀ ਗਵਾਉਣੀ ਪਈ ਸੀ। ਹੁਣ ਜੇਕਰ ਮੌਜੂਦਾ ਮੰਤਰੀ ਦਾ ਮਹਿਕਮਾ ਬਦਲਿਆ ਜਾਂਦਾ ਹੈ ਤਾਂ ਇਕ ਵਾਰ ਫੇਰ ਮਾਨ ਸਰਕਾਰ (Mann Government) ਨੂੰ ਘੇਰਣ ਦਾ ਵਿਰੋਧੀਆਂ ਦੇ ਹੱਥ ਮੌਕਾ ਆ ਸਕਦਾ ਹੈ।
ਇਹ ਵੀ ਸਾਹਮਣੇ ਆ ਰਿਹਾ ਹੈ ਕਿ ਚੇਤਨ ਸਿੰਘ ਜੌੜੇਮਾਜਰਾ ਦਾ ਵਿਭਾਗ ਬਦਲਿਆ ਜਾ ਸਕਦਾ ਹੈ, ਪਰ ਇਸ ਸਬੰਧੀ ਹਾਲ ਦੀ ਘੜੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।