ਚੰਡੀਗੜ੍ਹ: ਅੰਮ੍ਰਿਤਸਰ ’ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਜ਼ਿਲ੍ਹਾ ਅਦਾਲਤ ਪਹੁੰਚੇ। ਇਸ ਮੌਕੇ ਦੋਹਾਂ ਲੀਡਰਾਂ ਨੇ ਆਪਣੇ ਜ਼ਮਾਨਤੀ ਹਲਫ਼ਨਾਮੇ ਦੁਬਾਰਾ ਦਾਖ਼ਲ ਕੀਤੇ।


COMMERCIAL BREAK
SCROLL TO CONTINUE READING


ਅਦਾਲਤ ਦੇ ਪਰਿਸਰ ਤੋਂ ਬਾਹਰ ਆਉਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਾਜਿਸ਼ ਦੱਸਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਆਸੀ ਦਬਾਅ ਬਣਾਉਣ ਲਈ ਕਾਂਗਰਸ ਸਰਕਾਰ ਨੇ ਉਨ੍ਹਾਂ ’ਤੇ ਕੇਸ ਦਰਜ ਕਰਵਾਇਆ ਸੀ। ਉੱਥੇ ਹੀ ਉਨ੍ਹਾਂ ਨੇ ਨਿਆ ਪਾਲਿਕਾ ’ਤੇ ਵਿਸ਼ਵਾਸ ਪ੍ਰਗਟਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। 



ਸਾਲ 2021 ’ਚ ਸੁਖਬੀਰ ਬਾਦਲ ਨੇ ਮਾਰਿਆ ਸੀ ਛਾਪਾ
ਸੁਖਬੀਰ ਸਿੰਘ ਬਾਦਲ ’ਤੇ ਇਹ ਮਾਮਲਾ ਸਾਲ 2021 ’ਚ ਦਰਜ ਕੀਤਾ ਗਿਆ ਸੀ, ਜਦੋਂ ਉਨ੍ਹਾਂ ਬਿਆਸ ਦਰਿਆ ’ਚ ਚੱਲ ਰਹੀ ਮਾਈਨਿੰਗ ’ਤੇ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ ਮਾਈਨਿੰਗ ਕਰਨ ਵਾਲੀ ਕੰਪਨੀ ਫ਼ਰੈਂਡਜ਼ ਐਂਡ ਕੰਪਨੀ ਨੇ ਸੁਖਬੀਰ ਬਾਦਲ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਫ਼ਰੈਂਡਜ਼ ਐਂਡ ਕੰਪਨੀ ਦੀ ਸ਼ਿਕਾਇਤ ਦੇ ਅਧਾਰ ’ਤੇ ਕੰਪਨੀ ਦੇ ਵਰਕਰਾਂ ਨੂੰ ਧਮਕਾਉਣ ਅਤੇ ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਬਿਆਸ ਚੌਂਕੀ ’ਚ ਸੁਖਬੀਰ ਬਾਦਲ ਅਤੇ ਉਨ੍ਹਾਂ ਸਾਥੀਆਂ ਵਿਰੁੱਧ 269, 270, 188, 341, 506 IPC ਦੇ ਨਾਲ 3 ਐਪਿਡੇਮਿਕ ਡਿਜੀਜ਼ ਐਕਟ, 1897 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 



ਬਾਬਾ ਬਕਾਲਾ ਤੋਂ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ’ਚ ਟਰਾਂਸਫ਼ਰ ਕੀਤਾ ਗਿਆ ਕੇਸ 
ਸੁਖਬੀਰ ਸਿੰਘ ਬਾਦਲ ਵਿਰੁੱਧ ਇਹ ਮਾਮਲਾ ਬਾਬਾ ਬਕਾਲਾ ਦੀ ਅਦਾਲਤ ’ਚ ਚੱਲਿਆ ਸੀ, ਪਰ ਸੁਖਬੀਰ ਬਾਦਲ ਦੇ ਮੈਂਬਰ ਪਾਰਲੀਮੈਂਟ ਹੋਣ ਕਾਰਨ ਕੇਸ ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ’ਚ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਉੱਧਰ ਅਦਾਲਤ ਦੁਆਰਾ ਪੇਸ਼ੀ ’ਤੇ ਬੁਲਾਏ ਜਾਣ ਦੇ ਬਾਵਜੂਦ ਸੁਖਬੀਰ ਬਾਦਲ ਹਾਜ਼ਰ ਨਹੀਂ ਹੋ ਰਹੇ ਸਨ। ਪਹਿਲਾਂ 10 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਵਾਰੰਟ ਜਾਰੀ ਕਰਨ ਤੋਂ ਬਾਅਦ 3 ਨਵੰਬਰ ਨੂੰ ਦੁਬਾਰਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ। 



ਪੇਸ਼ ਨਾ ਹੋਣ ’ਤੇ ਸੁਖਬੀਰ ਦੀਆਂ ਮੁਸ਼ਕਿਲਾਂ ’ਚ ਹੋ ਸਕਦਾ ਸੀ ਵਾਧਾ
ਜੇਕਰ ਅੱਜ ਵੀ ਸੁਖਬੀਰ ਸਿੰਘ ਬਾਦਲ ਅਦਾਲਤ ’ਚ ਪੇਸ਼ ਨਾ ਹੁੰਦੇ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਸਕਦਾ ਸੀ। ਇਸ ਮਾਮਲੇ ’ਚ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਕੰਵਲਜੀਤ ਸਿੰਘ, ਬਲਜੀਤ ਸਿੰਘ, ਚੰਚਲ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਸੰਤੋਖ ਸਿੰਘ ਆਦਿ ਦਾ ਨਾਮ ਸ਼ਾਮਲ ਹੈ।