Salman Khan firing case: ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਅਨੁਜ ਥਾਪਨ ਦੀ ਪੁਲਿਸ ਹਿਰਾਸਤ `ਚ ਮੌਤ, ਪਰਿਵਾਰ ਨੇ ਕੀਤੀ ਜਾਂਚ ਦੀ ਮੰਗ
Salman Khan firing case: ਪਿੰਡ ਦੇ ਸਰਪੰਚ ਮਨੋਜ ਕੁਮਾਰ ਗੋਦਾਰਾ ਦਾ ਕਹਿਣਾ ਹੈ ਕਿ ਅਨੁਜ ਨੇ ਆਤਮਹੱਤਿਆ ਨਹੀਂ ਕੀਤੀ ਸਗੋਂ ਪੁਲਿਸ ਹਿਰਾਸਤ ਦੌਰਾਨ ਪੁਲਿਸ ਦੀ ਕੁੱਟਮਾਰ ਕਾਰਨ ਉਸਦੀ ਹੱਤਿਆ ਕੀਤੀ ਗਈ ਹੈ। ਇਸ ਦੀ ਜਾਂਚ ਮਹਾਰਾਸ਼ਟਰ ਸੂਬੇ ਤੋਂ ਬਾਹਰ ਦੀ ਪੁਲਿਸ ਤੋਂ ਹੋਣੀ ਚਾਹੀਦੀ ਹੈ।
Salman Khan firing case: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਦੋਸ਼ੀ ਅਨੁਜ ਥਾਪਨ ਨੇ ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰ ਲਈ ਹੈ। ਅਨੁਜ ਥਾਪਨ ਫਾਜ਼ਿਲਕਾ ਜ਼ਿਲੇ ਦੇ ਪਿੰਡ ਸੁਖਚੈਨ ਦਾ ਰਹਿਣ ਵਾਲਾ ਹੈ। ਜਿਸ ਨੂੰ ਪੁਲਿਸ ਪੰਜਾਬ ਤੋਂ ਗ੍ਰਿਫਤਾਰ ਕਰਕੇ ਮੁੰਬਈ ਲੈ ਗਈ ਸੀ।
ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਅੱਜ ਮੁੰਬਈ ਪੁਲਸ ਨੇ ਦੱਸਿਆ ਕਿ ਅਨੁਜ ਥਾਪਨ ਨੇ ਜੇਲ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਤੇ ਇਸ ਸਬੰਧੀ ਪਿੰਡ ਸੁਖਚੈਨ ਦੇ ਰਹਿਣ ਵਾਲੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਮਨੋਜ ਕੁਮਾਰ ਗੋਦਾਰਾ ਦਾ ਕਹਿਣਾ ਹੈ ਕਿ ਅਨੁਜ ਨੇ ਆਤਮਹੱਤਿਆ ਨਹੀਂ ਕੀਤੀ ਸਗੋਂ ਪੁਲਿਸ ਹਿਰਾਸਤ ਦੌਰਾਨ ਪੁਲਿਸ ਦੀ ਕੁੱਟਮਾਰ ਕਾਰਨ ਉਸਦੀ ਹੱਤਿਆ ਕੀਤੀ ਗਈ ਹੈ। ਇਸ ਦੀ ਜਾਂਚ ਮਹਾਰਾਸ਼ਟਰ ਸੂਬੇ ਤੋਂ ਬਾਹਰ ਦੀ ਪੁਲਿਸ ਤੋਂ ਹੋਣੀ ਚਾਹੀਦੀ ਹੈ।
ਮ੍ਰਿਤਕ ਅਨੁਜ ਦੇ ਭਰਾ ਅਭਿਸ਼ੇਕ ਥਾਪਨ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਸ ਦਾ ਭਰਾ ਅਨੁਜ ਟਰੱਕ 'ਤੇ ਕੰਡਕਟਰ ਦਾ ਕੰਮ ਕਰਦਾ ਸੀ। ਉਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਕਤਲ ਕੀਤਾ ਗਿਆ ਹੈ ਅਤੇ ਉਹ ਇਨਸਾਫ ਦੀ ਮੰਗ ਕਰਦੇ ਹਨ।
ਸਲਮਾਨ ਦੇ ਘਰ 'ਤੇ ਗੋਲੀਬਾਰੀ
4 ਅਪ੍ਰੈਲ ਨੂੰ ਦੋ ਬਾਈਕ ਸਵਾਰ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਤੇ 5 ਰਾਊਂਡ ਫਾਇਰ ਕੀਤੇ। ਪਰ ਇਕ ਗੋਲੀ ਸਲਮਾਨ ਦੇ ਘਰ ਦੀ ਕੰਧ 'ਤੇ ਜਾ ਲੱਗੀ, ਜਦਕਿ ਇਕ ਗੋਲੀ ਉਥੇ ਲੱਗੇ ਜਾਲ ਨੂੰ ਵਿੰਨ੍ਹ ਕੇ ਸਲਮਾਨ ਦੇ ਘਰ ਦੇ ਅੰਦਰ ਡਰਾਇੰਗ ਰੂਮ ਦੀ ਕੰਧ 'ਤੇ ਜਾ ਲੱਗੀ। ਇਸ ਤੋਂ ਬਾਅਦ ਮੁਲਜ਼ਮ ਆਪਣੀ ਬਾਈਕ ਇੱਕ ਚਰਚ ਦੇ ਕੋਲ ਛੱਡ ਕੇ ਫ਼ਰਾਰ ਹੋ ਗਏ।
ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ 'ਚ ਲਿਖਿਆ ਗਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਜੇਕਰ ਜ਼ੁਲਮ ਖਿਲਾਫ ਫੈਸਲਾ ਜੰਗ ਰਾਹੀਂ ਲਿਆ ਜਾਵੇ ਤਾਂ ਜੰਗ ਸਹੀ ਹੈ। ਸਲਮਾਨ ਖਾਨ, ਅਸੀਂ ਤੁਹਾਨੂੰ ਟ੍ਰੇਲਰ ਦਿਖਾਉਣ ਲਈ ਅਜਿਹਾ ਕੀਤਾ ਹੈ, ਤਾਂ ਜੋ ਤੁਸੀਂ ਸਾਡੀ ਤਾਕਤ ਨੂੰ ਸਮਝ ਸਕੋ ਅਤੇ ਇਸ ਦੀ ਪਰਖ ਨਾ ਕਰੋ। ਇਹ ਪਹਿਲੀ ਅਤੇ ਆਖਰੀ ਚੇਤਾਵਨੀ ਹੈ, ਇਸ ਤੋਂ ਬਾਅਦ ਖਾਲੀ ਘਰ 'ਤੇ ਗੋਲੀਆਂ ਨਹੀਂ ਚਲਾਈਆਂ ਜਾਣਗੀਆਂ।