ਪੰਜਾਬ ਵਿੱਚ ਹੋਇਆ ਕਰੋੜਾਂ ਰੁਪਇਆ ਦਾ ਘੁਟਾਲਾ, ਪੈਨਸ਼ਨ ਦੇ ਨਾਮ `ਤੇ ਲੋਕਾਂ ਨੇ ਲਗਾਇਆ ਸਰਕਾਰੀ ਖਜ਼ਾਨੇ ਨੂੰ ਚੂਨਾ
ਪੰਜਾਬ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਜਾਅਲੀ ਦਸਤਾਵੇਜ਼ਾਂ ਰਾਹੀਂ ਪੈਨਸ਼ਨਾਂ ਦਾ ਲਾਭ ਲਿਆ ਜਾ ਰਿਹਾ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਦਾ ਖੁਲਾਸਾ ਭਾਰਤ ਦੇ ਕੰਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਵਿੱਚ ਕੀਤਾ।
ਚੰਡੀਗੜ੍ਹ- ਭਾਰਤ ਦੇ ਕੰਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਬੁਢਾਪਾ ਤੇ ਵਿਧਵਾ ਪੈਨਸ਼ਨ ਵਿੱਚ ਵੱਡਾ ਘੁਟਾਲਾ ਹੋਇਆ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਇਆਂ ਦਾ ਚੂਨਾ ਲੱਗਿਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਆਏ ਸਾਲ ਇਸ ਘੁਟਾਲੇ ਬਾਰੇ ਸਰਕਾਰ ਨੂੰ ਜਾਣੂ ਕਰਵਾਇਆ ਜਾਂਦਾ ਹੈ ਪਰ ਕਿਸੇ ਵੀ ਸਰਕਾਰ ਵੱਲੋਂ ਇਸ ਸਬੰਧੀ ਕਾਰਵਾਈ ਨਹੀਂ ਕੀਤੀ ਗਈ। ਰਿਪੋਰਟ ਵਿੱਚ ਸਾਹਮਣੇ ਆਇਆ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕ ਪੰਜਾਬ ਵਿੱਚ ਪੈਨਸ਼ਨ ਲੈ ਰਹੇ ਹਨ ਤੇ ਵਿਧਵਾ ਔਰਤਾਂ ਗਲਤ ਤੱਥ ਪੇਸ਼ ਕਰਕੇ ਪੈਨਸ਼ਨਾਂ ਦਾ ਲਾਭ ਲੈ ਰਹੇ ਹਨ।
ਹਜ਼ਾਰਾਂ ਲੋਕਾਂ ਵੱਲੋਂ ਜਾਅਲੀ ਦਸਤਾਵੇਜ਼ਾਂ ਰਾਹੀਂ ਬੁਢਾਪਾ ਪੈਨਸ਼ਨ ਲਗਵਾਈ ਗਈ ਹੈ। ਇਸਦੇ ਨਾਲ ਹੀ ਦਿਵਯਾਂਗ ਅਤੇ ਹੋਰ ਸ਼੍ਰੇਣੀਆਂ ਵਿੱਚ ਵੀ ਅਜਿਹੇ ਲਾਭਪਾਤਰੀ ਮੌਜੂਦ ਹਨ। ਸਭ ਤੋਂ ਵੱਧ ਜਾਅਲੀ ਲਾਭਪਾਤਰੀ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿੱਚ ਹਨ।
ਦੱਸਦੇਈਏ ਕਿ ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿੱਚ ਬੁਢਾਪਾ ਤੇ ਵਿਧਵਾ ਪੈਨਸ਼ਨ ਉਹ ਵਿਅਕਤੀ ਲੈ ਰਹੀ ਹਨ ਜੋ ਕਿ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਆਡਿਟ ਜਨਰਲ (ਕੈਗ) ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਹੀ ਤਕਰੀਬਨ 11 ਹਜ਼ਾਰ ਦੇ ਕਰੀਬ ਵਿਅਕਤੀ ਜਿੰਨਾਂ ਦੀ ਉੱਮਰ 60 ਸਾਲ ਤੋਂ ਘੱਟ ਹੈ ਇਸ ਦਾ ਲਾਭ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਘੁਟਾਲਾ ਬੜੇ ਲੰਮੇ ਸਮੇਂ ਤੋ ਚਲਦਾ ਆ ਰਿਹਾ ਹੈ। ਇਸ ਨਾਲ ਕਰੋੜਾਂ ਰੁਪਏ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਪਿਛਲੀ ਕੈਪਟਨ ਸਰਕਾਰ ਦੌਰਾਨ ਇਸ ਘੁਟਾਲੇ ਦਾ ਪਰਦਾਫਾਸ਼ ਹੋਇਆ ਸੀ। ਜਿਸ ਤੋਂ ਬਾਅਦ ਸਰਕਾਰ ਵੱਲੋਂ ਇਸ ਦੀ ਵਸੂਲੀ ਦੀ ਗੱਲ ਆਖੀ ਗਈ ਸੀ ਪਰ ਅੱਜ ਤੱਕ ਇਹ ਵਸੂਲੀ ਨਹੀਂ ਹੋਈ। ਲੋੜਵੰਦ ਲੋਕ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਜਾਅਲੀ ਦਸਤਾਵੇਜ਼ ਬਣਾ ਕੇ ਕੁਝ ਲੋਕ ਗਲਤ ਢੰਗ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਉਮੀਦ ਹੈ ਸਰਕਾਰ ਜਲਦ ਇਸ ਖਿਲਾਫ ਕਾਰਵਾਈ ਕਰੇਗੀ।
WATCH LIVE TV