Shaheed Bhagat Singh: ਭਗਤ ਸਿੰਘ ਵਰਗੇ ਸਿਰਲੱਥ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਅਜ਼ਾਦੀ ਦੀ ਹਾਬੋ-ਹਵਾ ਲੰਮੀ ਘਾਲਣਾ ਘਾਲਣ ਤੇ ਕੁਰਬਾਨੀਆਂ ਦੇਣ ਤੋਂ ਬਾਅਦ ਹਾਸਲ ਹੋਈ ਹੈ। ਜਿੱਥੇ ਅੰਗਰੇਜ਼ ਹਕੂਮਤ ਦੇ ਜ਼ੁਲਮ-ਓ-ਸਿਤਮ ਆਪਣੇ ਸ਼ਿਖਰ ਉਤੇ ਸੀ। ਅੰਗਰੇਜ਼ਾਂ ਦੇ ਜ਼ੁਲਮ ਨੇ ਧਰਮ, ਕੌਮ, ਰਾਸ਼ਟਰ ਦਾ ਭਲਾ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਅਜਿਹੇ ਲੋਕਾਂ ਨੇ ਸਭ ਕੁਝ ਛੱਡ-ਛਡਾ ਕੇ ਗ਼ੁਲਾਮੀ ਦਾ ਜੂਲਾ ਗਲ਼ੋਂ ਲਾਹੁਣ ਦੀ ਠਾਣ ਲਈ ਸੀ।


COMMERCIAL BREAK
SCROLL TO CONTINUE READING

ਅਜਿਹੇ ਹੀ ਸਿਰਲੱਥ ਯੋਧਿਆਂ ਵਿੱਚ ਸ਼ਹੀਦ ਭਗਤ ਸਿੰਘ ਵੀ ਸਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਲੜਨਾ ਹੀ ਆਪਣਾ ਜੀਵਨ ਮਨੋਰਥ ਮਿਥ ਲਿਆ ਸੀ। ਸ਼ਹੀਦ ਭਗਤ ਸਿੰਘ ਨੂੰ ਰਾਜਸੀ ਜੀਵਨ ਵਿੱਚ 7-8 ਸਾਲ ਹੀ ਸੰਘਰਸ਼ ਘਾਲਣਾ ਦਾ ਮੌਕਾ ਮਿਲਿਆ, ਜਿਸ ’ਚੋਂ ਤਿੰਨ ਸਾਲ ਉਨ੍ਹਾਂ ਜੇਲ੍ਹ 'ਚ ਹੀ ਗ਼ੁਜ਼ਰੇ। ਇਨ੍ਹਾਂ ਤਿੰਨਾਂ ਸਾਲਾਂ 'ਚ ਇੱਕ ਵੀ ਦਿਨ ਅਜਿਹਾ ਨਹੀਂ ਹੋਵੇਗਾ, ਜਿਸ ਦਿਨ ਭਗਤ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਚਰਚਾ ਸਥਾਨਕ ਤੇ ਕੌਮੀ ਅਖ਼ਬਾਰਾਂ ਵਿਚ ਨਾ ਹੋਈ ਹੋਵੇ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਮਨੋਰਥ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ  ਕਰਵਾਉਣਾ ਹੀ ਨਹੀਂ ਸੀ ਸਗੋਂ ਉਨ੍ਹਾਂ ਦਾ ਆਖਰੀ ਮਕਸਦ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਸੀ ਜਿਸ ਅੰਦਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦਾ ਮੁਕੰਮਲ ਖਾਤਮਾ ਹੋਵੇ।


ਕ੍ਰਾਂਤੀਕਾਰੀ ਪਾਰਟੀ ਦਾ ਕਿਥੇ ਸੀ ਟਿਕਾਣਾ?


ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਤਫ਼ਤੀਸ਼ ਮੁਤਾਬਕ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਲਈ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਕ੍ਰਾਂਤੀਕਾਰੀ ਪਾਰਟੀ ਬਣਾਈ ਤੇ ਉਸ ਦੀਆਂ ਸਰਗਰਮੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਵਿੱਚ ਗੁਪਤ ਰੂਪ ਵਿੱ‘ਚ  ਕੀਤੀਆਂ। ਪਾਰਟੀ ਦੇ ਗੁਪਤ ਟਿਕਾਣੇ ਬਣਾਏ। ਫਿਰੋਜ਼ਪੁਰ ਦੇ ਤੂੜੀ ਬਾਜ਼ਾਰ, ਮੁਹੱਲਾ ਸਾਹਗੰਜ ਦੀ ਇੱਕ ਇਮਾਰਤ ਵਿੱਚ ਵੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕ੍ਰਾਂਤੀਕਾਰੀ ਪਾਰਟੀ ਦਾ ਗੁਪਤ ਟਿਕਾਣਾ ਬਣਾਇਆ ਸੀ। ਇਹ ਟਿਕਾਣਾ 10 ਅਗਸਤ 1928 ਤੋਂ ਲੈ ਕੇ 9 ਫਰਵਰੀ 1929 ਤੱਕ ਰਿਹਾ। ਇਹ ਪਾਰਟੀ ਦੀਆਂ ਲੋੜਾਂ ਤੇ ਸਰਗਰਮੀਆਂ ਨੂੰ ਧਿਆਨ ਵਿੱ‘ਚ ਰੱਖ ਕੇ ਬਣਾਇਆ ਗਿਆ ਸੀ। 


ਪਾਰਟੀ ਲਈ ਕਿਉਂ ਚੁਣੀ ਇਹ ਥਾਂ?
ਪਾਰਟੀ ਫੈਸਲੇ ਮੁਤਾਬਕ ਕ੍ਰਾਂਤੀਕਾਰੀ ਪਾਰਟੀ ਦੇ ਡਾ. ਗਯਾ ਪ੍ਰਸਾਦ  ਨੇ ਫਿਰੋਜ਼ਪੁਰ ਵਿੱਚ ਡਾ. ਬੀਐਸ ਨਿਗਮ ਦੇ ਫਰਜ਼ੀ ਨਾਮ ਨਾਲ ਲੇਖ ਰਾਜ ਤੋਂ ਮਕਾਨ ਤੂੜੀ ਬਾਜ਼ਾਰ ਵਿੱਚ ਕਿਰਾਏ ਉਤੇ ਲਿਆ। ਉਸ ਨੇ ਹੇਠਾਂ ਦਵਾਖਾਨਾ ਖੋਲ੍ਹਿਆ ਤੇ ਉੱਪਰ ਰਿਹਾਇਸ਼ ਕੀਤੀ। ਇਸ ਦੇ ਬਾਹਰ ਬੋਰਡ “ਨਿਗਮ ਫਾਰਮੇਸੀ ਤੇ ਡਰੱਗਇਸ਼ਟ ਲਗਾਇਆ ਹੋਇਆ ਸੀ”। ਪਾਰਟੀ ਨੇ ਜੈ ਗੋਪਾਲ ਨੂੰ ਭੇਜਿਆ ਕਿ ਉਹ ਗੁਆਂਢੀ ਦੀਵਾਨ ਚੰਦ ਰਾਹੀਂ ਡਾ. ਨਿਗਮ ਕੋਲ ਸਹਿ ਕੰਪਾਊਡਰ ਦੀ ਨੌਕਰੀ ਲਵੇ। ਦੀਵਾਨ ਚੰਦ ਰਾਹੀਂ ਵਿਚੋਲਗਿਰੀ ਦਾ ਇਹ ਕੰਮ ਲੁਕਾਉਣ ਲਈ ਕਰਵਾਇਆ ਗਿਆ ਸੀ ਤਾਂ ਕਿ ਇਹ ਸ਼ੱਕ ਨਾ ਹੋਵੇ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਹਨ ਜਾਂ ਇੱਕ ਸੰਗਠਨ ਨਾਲ ਜੁੜੇ ਹਨ। ਜੈ ਗੋਪਾਲ ਨੇ ਆਪਣਾ ਨਾਂ ਗੋਪਾਲ ਦੱਸਿਆ।


ਕਿਉਂ ਕੱਟੇ ਸਨ ਭਗਤ ਸਿੰਘ ਦੇ ਵਾਲ?


ਭਗਤ ਸਿੰਘ ਦਾ ਵੀ ਇਸ ਟਿਕਾਣੇ ਉਤੇ ਆਉਣਾ-ਜਾਣਾ ਸੀ। ਮਹਾਵੀਰ ਸਿੰਘ ਨੇ ਆਪਣੇ ਇਕਬਾਲੀਆ ਬਿਆਨ ਵਿੱਚ ਕਿਹਾ ਸੀ ਕਿ ਉਹ ਪਹਿਲਾਂ ਪਹਿਲ ਭਗਤ ਸਿੰਘ ਨੂੰ ਫਿਰੋਜ਼ਪੁਰ ਵਿੱਚ ਨਵੰਬਰ 1928 ਵਿੱਚ ਮਿਲਿਆ ਸੀ। ਭਗਤ ਸਿੰਘ ਨੇ ਪਾਰਟੀ ਦੇ ਫੈਸਲੇ ਅਨੁਸਾਰ ਆਪਣੀ ਅਸਲੀ ਪਹਿਚਾਣ ਲੁਕਾਉਣ ਲਈ ਆਪਣੇ ਵਾਲ ਤੇ ਦਾੜ੍ਹੀ  ਵੀ ਇੱਥੇ ਹੀ ਕਟਵਾਏ ਸਨ। ਜੈ ਗੋਪਾਲ ਨੇ ਅਦਾਲਤ ‘ਵਿੱਚ ਆਪਣੇ ਬਿਆਨ ਵਿੱ‘ਚ ਕਿਹਾ ਸੀ ਕਿ ਸੁਖਦੇਵ ਦੇ ਆਉਣ ਉਤੇ ਮੈਂ ਤੇ ਸੁਖਦੇਵ ਨੇ ਭਗਤ ਸਿੰਘ ਦੇ ਵਾਲ ਤੇ ਦਾੜ੍ਹੀ ਕੱਟੀ ਸੀ ਅਤੇ ਭਗਤ ਸਿੰਘ ਨੇ ਵਿਲਾਇਤੀ ਫੈਸ਼ਨ ਦੇ ਵਾਲ ਰੱਖ ਲਏ ਸਨ। ਫੇਰ ਉਹ ਯੂਪੀ ਵਾਲਾ ਪਹਿਰਾਵਾ ਧੋਤੀ ਤੇ ਕਮੀਜ਼ ਪਾ ਕੇ ਦਿੱਲੀ ਗਿਆ ਸੀ। ਜੈ ਗੋਪਾਲ ਨੇ ਗਵਾਹੀ ਵਿੱ‘ਚ ਕਿਹਾ ਸੀ ਕਿ ਭਗਤ ਸਿੰਘ ਸਾਡੇ ਕੋਲ ਫਿਰੋਜ਼ਪੁਰ ਆਇਆ ਸੀ। ਉਸ ਕੋਲ ਸਵੈ ਚਾਲਕ ਪਿਸਤੌਲ ਸੀ। ਰਸਾਲੇ ਲਿੱ‘ਚ ਗੋਲੀਆ ਭਰੀਆਂ ਸਨ ਤੇ ਇੱਕ ਕਿਤਾਬ ਰੋਡ ਟੂ ਫਰੀਡਮ ਸੀ।


ਕਿਹੜੇ ਕ੍ਰਾਂਤੀਕਾਰੀਆਂ ਦਾ ਇਸ ਟਿਕਾਣੇ 'ਤੇ ਸੀ ਆਉਣਾ-ਜਾਣਾ?
ਸ਼ਿਵ ਵਰਮਾ ਇੱਥੇ ਸਤੰਬਰ 1928 ਦੇ ਅੰਤ ਵਿੱ‘ਚ ਕੁੱਝ ਚਿਰ ਰੁਕਿਆ ਸੀ। ਉਸ ਨੇ ਆਪਣਾ ਨਾਮ ਰਾਮ ਨਰਾਇਣ ਕਪੂਰ ਰੱਖਿਆ ਹੋਇਆ ਸੀ। ਉਸ ਨੂੰ ਇੱਥੇ ਵੱਡੇ  ਭਾਈ ਸਾਹਿਬ ਦੇ ਨਾਮ ਨਾਲ ਬੁਲਾਉਂਦੇ  ਸਨ। ਜਦੋਂ ਉਹ ਇੱਥੇ ਰਹੇ, ਉਨ੍ਹਾਂ ਕੋਲ ਕਈ ਕਿਤਾਬਾਂ ਸਨ। ਉਨ੍ਹਾਂ ਨੇ ਇੱਥੇ ਚਾਂਦ ਪ੍ਰਤਿਕਾ ਦੇ ਫਾਂਸੀ ਨਾਂ ਦੇ ਅੰਕ ਲਈ ਸ਼ਹੀਦ ਹੋ ਚੁੱਕੇ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਲਿਖੀਆਂ ਜਿਹੜੀਆ ਬਾਅਦ ਵਿੱਚ ਫਾਂਸੀ ਅੰਕ ਵਿੱਚ ਛਪੀਆਂ ਸਨ।



ਕ੍ਰਾਂਤੀਕਾਰੀ ਸੁਖਦੇਵ ਦਾ ਵੀ ਇੱਥੇ ਆਉਣਾ ਜਾਣਾ ਸੀ ਇਸ ਨੂੰ ਵਿਲੇਜਰ ਕਹਿੰਦੇ ਸਨ ਇਹ ਪਾਰਟੀ ਦੀ ਪੰਜਾਬ ਸ਼ਾਖਾ ਦਾ ਆਗੂ ਸੀ। ਇਸ ਦੀ  ਪੁਸ਼ਟੀ ਜੈ ਗੋਪਾਲ ਨੇ ਆਪਣੇ ਬਿਆਨ ਵਿੱਚ ਕੀਤੀ ਸੀ। ਗੁਆਂਢੀ ਗੱਜੂਰਾਮ ਨੇ ਸੁਖਦੇਵ ਦੀ ਪਹਿਚਾਣ ਕੀਤੀ ਸੀ। ਇੱਕ ਹੋਰ ਕ੍ਰਾਂਤੀਕਾਰੀ ਮਹਾਵੀਰ ਸਿੰਘ ਜਿਸ ਨੇ ਆਪਣਾ ਫਰਜ਼ੀ ਨਾਮ ਪ੍ਰਤਾਪ ਸਿੰਘ ਰੱਖਿਆ ਹੋਇਆ ਸੀ। ਪੇਚਿਸ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਇਸ ਗੁਪਤ ਟਿਕਾਣੇ ਉਤੇ ਕੁੱਝ ਹਫਤੇ ਰੁਕਿਆ। ਕ੍ਰਾਂਤੀਕਾਰੀ ਵਿਜੈ ਕੁਮਾਰ ਸਿਨਹਾ, ਇਸ ਨੂੰ ਬੱਚੂ ਨਾਮ ਨਾਲ ਬੁਲਾਇਆ ਜਾਂਦਾ ਸੀ, ਦਾ ਵੀ ਇਸ ਟਿਕਾਣੇ ਉਤੇ ਆਉਣਾ ਜਾਣਾ ਸੀ। ਇਸ ਦੀ ਪਛਾਣ ਅਦਾਲਤ ਵਿੱਚ ਤੁਲਸੀ ਰਾਮ ਨੇ ਕੀਤੀ ਸੀ ਜਿਹੜਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦਾ ਰੀਡਰ ਸੀ। ਡਾ. ਗਯਾ ਪ੍ਰਸਾਦ ਨੇ ਵੀ ਅਦਾਲਤ ‘ਵਿੱਚ ਆਪਣੇ ਬਿਆਨ ਵਿੱ‘ਚ ਕਿਹਾ ਸੀ ਕਿ ਵਿਜੈ ਕੁਮਾਰ ਸਿਨਹਾ ਮੇਰੇ ਕੋਲ ਫਿਰੋਜ਼ਪੁਰ ਆਉਂਦਾ ਸੀ।


ਚੰਦਰ ਸ਼ੇਖਰ ਅਜ਼ਾਦ ਕਿਸ ਲਈ ਇਸ ਟਿਕਾਣੇ 'ਤੇ ਸਨ ਪੁੱਜੇ?


ਜੈ ਗੋਪਾਲ ਨੇ ਅਦਾਲਤ ਵਿੱਚ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਭਗਤ ਸਿੰਘ ਤੇ ਚੰਦਰ ਸ਼ੇਖਰ ਅਜ਼ਾਦ ਉਰਫ ਪੰਡਿਤ ਜੀ ਦੋਵੇਂ ਸਾਡੇ ਕੋਲ ਇਕੱਠੇ ਆਏ ਸਨ। ਚੰਦਰ ਸੇਖਰ ਅਜ਼ਾਦ ਪਾਰਟੀ ਦੇ ਮਿਲਟਰੀ ਵਿਭਾਗ ਦਾ ਮੁਖੀ ਸੀ। ਉਨ੍ਹਾਂ ਕੋਲ ਕਾਲੇ ਰੰਗ ਦਾ ਛੋਟਾ ਸੂਟਕੇਸ ਸੀ ਤੇ ਚਾਂਦ ਰਸਾਲੇ ਦੇ ਫਾਂਸੀ ਅੰਕ ਦਾ ਬੰਡਲ ਸੀ। ਪੰਡਿਤ ਜੀ ਤੇ ਭਗਤ ਸਿੰਘ ਸਾਡੇ ਕੋਲ ਰੁਕੇ, ਦੋਵਾਂ ਨੇ ਆਪਣੇ ਸੂਟਕੇਸ ਵਿੱਚ ਦੋ ਪਿਸਤੌਲ ਕੱਢ ਕੇ ਆਪਣੇ-ਆਪਣੇ ਸਿਰਹਾਣੇ ਹੇਠਾਂ ਰੱਖ ਲਏ ਸਨ।


ਇਥੇ ਪਿਸਤੌਲ ਨਾਲ ਨਿਸ਼ਨੇਬਾਜ਼ੀ ਦਾ ਕਰਦੇ ਸਨ ਅਭਿਆਸ


ਇਸ ਗੁਪਤ ਟਿਕਾਣੇ ਉਤੇ ਕ੍ਰਾਂਤੀਕਾਰੀ ਸਾਂਡਰਸ ਦੀ ਹੱਤਿਆ ਤੋਂ ਪਹਿਲਾ ਹਵਾਈ ਪਿਸਤੌਲ ਨਾਲ ਨਿਸ਼ਾਨੇਬਾਜ਼ੀ ਕਰਦੇ ਸਨ। ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀ ਫ਼ਿਰੋਜ਼ਪੁਰ ਦੇ ਗੁਪਤ ਟਿਕਾਣੇ ਉਤੇ ਇੱਕ ਦੂਜੇ ਨੂੰ ਫ਼ਰਜ਼ੀ ਨਾਮ ਨਾਲ ਬੁਲਾਉਂਦੇ ਸਨ।
ਡਾ. ਦੀਵਾਨ ਸਿੰਘ ਨੇ ਅਦਾਲਤ ਵਿੱਚ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ 4 ਫਰਵਰੀ 1929 ਨੂੰ ਡਾ. ਨਿਗਮ ਦੀ ਦੁਕਾਨ ਦਾ ਮੇਜ਼ ਕੁਰਸੀ ਤੇ ਦਵਾਈਆਂ ਆਦਿ 25 ਰੁਪਏ ਵਿੱਚ ਡਾ. ਨਿਗਮ ਤੋਂ ਖਰੀਦੇ ਸਨ। ਲੋਕਾਂ ਦਾ ਕਹਿਣਾ ਹੇ ਕਿ ਸਰਕਾਰ ਨੂੰ ਇਸ ਇਮਾਰਤ ਨੂੰ ਲਾਇਬ੍ਰੇਰੀ ਤੇ ਮਿਊਜਿਅਮ ਵਿੱਚ ਬਦਲਣਾ ਚਾਹੀਦਾ ਹੈ ਤਾਂ ਜ਼ੋ ਦੇਸ਼ ਦੀ ਅਜ਼ਾਦੀ ਲਈ ਜਿੰਦੜੀਆਂ ਕੁਰਬਾਨ ਕਰਨ ਵਾਲੇ ਸ਼ਹੀਦ ਲੋਕਾਂ ਦੇ ਮਨਾਂ ਵਿੱਚ ਜਿੰਦਾ ਰਹਿਣ।


ਇਹ ਵੀ ਪੜ੍ਹੋ : Mohalla Clinic News: ਪੰਜਾਬੀਆਂ ਨੂੰ ਮਿਲੇਗੀ ਅੱਜ 76 ਮੁਹੱਲਾ ਕਲੀਨਿਕਾਂ ਦੀ ਸੌਗਾਤ, 'ਆਮ ਆਦਮੀ ਕਲੀਨਿਕ' ਦੀਆਂ ਵੇਖੋ ਤਸਵੀਰਾਂ