Batala Firing: ਬਟਾਲਾ ਦੇ ਪੌਸ਼ ਇਲਾਕੇ ਵਿੱਚ ਚੱਲੀ ਗੋਲੀ; ਨੌਜਵਾਨ ਦੀ ਮੌਤ
Batala Firing: ਬਟਾਲਾ ਦੀ ਪੌਸ਼ ਇਲਾਕਾ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ-ਦਿਹਾੜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆ ਰਹੀ ਹੈ।
Batala Firing: ਬਟਾਲਾ ਦੀ ਪੌਸ਼ ਇਲਾਕਾ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ-ਦਿਹਾੜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆ ਰਹੀ ਹੈ। ਦੋ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਉਤੇ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਜਦੋਂ ਗੋਲੀ ਚਲਾ ਕੇ ਇਹ ਬਦਮਾਸ਼ ਫ਼ਰਾਰ ਹੋਏ ਤਾਂ ਆਮ ਆਦਮੀ ਪਾਰਟੀ ਦੇ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਯਸ਼ਪਾਲ ਚੌਹਾਨ ਦਾ ਗਨਮੈਨ ਇਨ੍ਹਾਂ ਦੇ ਪਿੱਛੇ ਲੱਗ ਗਿਆ।
ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਵਾਰਦਾਤ ਲਈ ਇਸਤੇਮਾਲ ਕੀਤੀ ਗਈ ਪਿਸਟਲ ਸਮੇਤ ਕਾਬੂ ਕਰ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਦਮਨ ਗੁਰਾਇਆ ਵਜੋਂ ਹੋਈ ਹੈ। ਇਨ੍ਹਾਂ ਵਿਚਾਲੇ ਕੀ ਵਿਵਾਦ ਸੀ ਇਸ ਸਬੰਧੀ ਅਜੇ ਸਪੱਸ਼ਟ ਨਹੀਂ ਹੋ ਸਕਿਆ ਪਰ ਗੋਲੀ ਚੱਲਣ ਦੀ ਸੀਸੀਟੀਵੀ ਜ਼ਰੂਰ ਸਾਹਮਣੇ ਆਈ ਹੈ।
ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ। ਦਮਨ ਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੂਜੇ ਪਾਸੇ ਜਿਸ ਹੈੱਡ ਕਾਂਸਟੇਬਲ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਉਤੇ ਪਹੁੰਚਿਆ ਸੀ।
ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਆਪਣੀ ਡੱਬ ਵਿੱਚ ਪਿਸਟਲ ਪਾ ਕੇ ਭੱਜ ਰਿਹਾ ਸੀ। ਰਾਜਕੁਮਾਰ ਨੇ ਦੱਸਿਆ ਕਿ ਤੁਰੰਤ ਉਹ ਉਸਦਾ ਪਿੱਛਾ ਕਰਨ ਲੱਗਾ ਤਾਂ ਉਸਨੇ ਉਸਨੂੰ ਹਾਕ ਮਾਰ ਕੇ ਕਿਹਾ ਕਿ ਜੇ ਹੁਣ ਤੂੰ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਉਸਦੇ ਮਗਰ ਭੱਜਦਾ ਹੋਇਆ ਕਾਫੀ ਦੂਰ ਤੱਕ ਗਿਆ ਜਿੱਥੇ ਜਾ ਕੇ ਉਸਨੇ ਉਸ ਮੁਲਜ਼ਮ ਨੂੰ ਦਬੋਚ ਲਿਆ। ਉਸ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤਾ ਗਿਆ ਹੈ।
ਯਸ਼ਪਾਲ ਚੌਹਾਨ ਨੇ ਦੱਸਿਆ ਕਿ ਉਹ ਗੱਡੀ ਧੋ ਰਹੇ ਸਨ ਤੇ ਰਾਜਕੁਮਾਰ ਉਨ੍ਹਾਂ ਦਾ ਗੰਨਮੈਨ ਹੈ। ਗੱਡੀ ਧੋਂਦੇ ਸਮੇਂ ਇਕਦਮ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਸੁਰੱਖਿਆ ਮੁਲਾਜ਼ਮ ਨੂੰ ਦੱਸਿਆ। ਸੁਰੱਖਿਆ ਮੁਲਾਜ਼ਮ ਉਸ ਦੇ ਪਿੱਛੇ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।