Shri Guru Ramdas Ji:  ਚੌਥੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਅੱਜ ਸਮੁੱਚੇ ਸੰਸਾਰ ਭਰ ਵਿੱਚ ਜੋਤੀ ਜੋਤਿ ਦਿਵਸ ਬਹੁਤ ਹੀ ਸ਼ਰਧਾ ਭਾਵਨਾਂ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ 'ਤੇ ਰਾਮਦਾਸ ਸਰੋਵਰ ਬਖਸ਼ਿਆ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ‘ਚ ਸੰਗਤਾਂ ਦਰਸ਼ਨ ਕਰਕੇ ਆਪਣੇ ਤਨ ਮਨ ਦੀ ਠੰਢਕ ਤੇ ਸ਼ਾਂਤੀ ਲੈ ਕੇ ਪਰਤਦੀਆਂ ਹਨ।


COMMERCIAL BREAK
SCROLL TO CONTINUE READING

ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਸਨੀਕ ਪਿਤਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖੋਂ 1534 ਈ: ਨੂੰ ਹੋਇਆ। ਮਾਪਿਆਂ ਦਾ ਵੱਡਾ ਸਪੱਤਰ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ। ਅੰਮ੍ਰਿਤਸਰ ਦੇ ਪਿੰਡ ਬਾਸਰਕੇ ਆਪ ਜੀ ਦੇ ਨਾਨਕੇ ਹੋਣ ਕਾਰਨ ਆਪ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਮਾਤਾ-ਪਿਤਾ ਦੇ ਪ੍ਰਲੋਕ ਗਮਨ ਤੋਂ ਬਾਅਦ ਅਪ ਜੀ ਗੋਇੰਦਵਾਲ ਸਾਹਿਬ ਆ ਗਏ।ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਅਥਾਹ ਸੇਵਾ ਕੀਤੀ ਤੇ ਇਸ ਸੇਵਾ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇਕ ਹਿੱਸਾ ਬਣਾ ਲਿਆ।


ਗੁਰੂ ਸਾਹਿਬ ਦੇ ਜੀਵਨ ਤੇ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਤੇ ਆਗਿਆਕਾਰੀ ਸੁਭਾਅ ਦੇ ਮਾਲਕ ਸਨ। ਗੁਰੂ ਸਾਹਿਬ ਨੇ ਰੂੜੀਵਾਦੀ ਪਰੰਪਰਾਂ ਨੂੰ ਤੋੜਦਿਆ ਸਿੱਖ ਧਰਮ ਨੂੰ ਸਭ ਤੋਂ ਵੱਡਮੁੱਲੀ ਦੇਣ 4 ਲਾਂਵਾਂ ਦੇ ਰੂਪ ਵਿੱਚ ਦਿੱਤੀ।


ਇਹ ਵੀ ਪੜ੍ਹੋ: Sri Guru Arjun Dev Ji: ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ, CM ਮਾਨ ਨੇ ਦਿੱਤੀ ਵਧਾਈ


ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿਚ ਇਕ ਹੋਰ ਵਿਲੱਖਣਤਾ ਆ ਗਈ। ਇਸੇ ਤਰ੍ਹਾਂ ਆਪ 1581 ਈ: ਨੂੰ ਜੋਤੀ ਜੋਤਿ ਸਮਾਂ ਗਏ। ਅੰਮ੍ਰਿਤਸਰ ਸ਼ਹਿਰ ਨੂੰ ਹੋਂਦ ਵਿੱਚ ਆਏ ਕਰੀਬ ਸਾਢੇ ਚਾਰ ਸੌ ਸਾਲ ਹੋ ਗਏ ਹਨ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ 1577 ਵਿਚ 500 ਬਿਘੇ ਵਿਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਹ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ। ਅੰਮ੍ਰਿਤਸਰ ਨੂੰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਅਤੇ ਫਿਰ ਇਹ ਸ਼ਹਿਰ ਵਪਾਰਕ ਨਜ਼ਰੀਏ ਤੋਂ ਲਾਹੌਰ ਵਰਗਾ ਮਹੱਤਵਪੂਰਨ ਕੇਂਦਰ ਬਣ ਗਿਆ ਸੀ। ਪਹਿਲਾਂ ਇਸ ਦਾ ਨਾਂ ਗੁਰੂ ਰਾਮਦਾਸ ਨਗਰੀ ਸੀ।


ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਇਸ ਮੌਕੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਸੋਢੀ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ... ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਹਮੇਸ਼ਾ ਉਸ ਸੱਚੇ ਵਾਹਿਗੁਰੂ ਦੇ ਲੜ ਲੱਗਣ ਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ...



ਗੁਰੂ ਪਿਤਾ ਵਲੋਂ ਵੱਡੇ ਪੁੱਤਰ (ਪ੍ਰਿਥੀ ਚੰਦ) ਨੂੰ ਅਣਡਿੱਠ ਕਰ ਕੇ ਸੱਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਕੇ ਘਰ ਦੀ ਵਡਿਆਈ (ਗੁਰਗੱਦੀ) ਦਿਤੇ ਜਾਣ ਦਾ ਪ੍ਰਿਥੀ ਚੰਦ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਪਰ ਸ੍ਰੀ ਗੁਰੂ ਰਾਮਦਾਸ ਜੀ ਵਲੋਂ 'ਤਖ਼ਤਿ ਬਹੈ ਤਖ਼ਤੈ ਕੀ ਲਾਇਕ' ਦੀ ਕਸਵੱਟੀ ਨੂੰ ਆਧਾਰ ਬਣਾ ਕੇ ਸਿਰਫ਼ ਯੋਗਤਾ ਨੂੰ ਹੀ ਪਹਿਲ ਦਿੱਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਪਣਾ ਗੱਦੀ-ਨਸ਼ੀਨ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਕੁੱਝ ਦਿਨ ਇਥੇ ਟਿਕਾਣਾ ਕਰਨ ਤੋਂ ਬਾਅਦ ਅੱਸੂ ਮਹੀਨੇ ਦੇ ਦੂਜੇ ਦਿਨ ਮੁਤਾਬਕ ਸੰਮਤ 1638 (ਸਤੰਬਰ 1581 ਈ:) ਨੂੰ ਜੋਤੀ ਜੋਤ ਸਮਾ ਗਏ।