ਮਰਹੂਮ ਗਾਇਕ ਮੂਸੇਵਾਲਾ ਦੀ ਮਾਤਾ ਨੇ ਧੰਨਵਾਦ ਕਰਦਿਆਂ ਕਿਹਾ, `ਤੁਹਾਡੇ ਰੂਪ ’ਚ ਸਾਨੂੰ ਹਜ਼ਾਰਾਂ ਸਿੱਧੂ ਮੂਸੇਵਾਲਾ ਮਿਲ ਗਏ`
ਲਾਰੈਂਸ ਬਿਸ਼ਨੋਈ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਪੇਸ਼ੀ ਹੋਣੀ ਹੁੰਦੀ ਹੈ ਤਾਂ ਵਕੀਲ ਜਾਣਬੁੱਝ ਕੇ ਪਹਿਲਾਂ ਹੀ ਰੌਲਾ ਪਾ ਦਿੰਦੇ ਹਨ ਕਿ ਉਸਦੀ ਜਾਨ ਨੂੰ ਖ਼ਤਰਾ ਹੈ।
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਲਾਰੈਂਸ ਬਿਸ਼ਨੋਈ ਦੇ ਵਕੀਲ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਐਤਵਾਰ ਵਾਲੇ ਦਿਨ ਲੋਕਾਂ ਦੇ ਰੂਬਰੂ ਹੁੰਦੇ ਹਨ। ਪਰ ਬੀਤੇ ਦਿਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ PGI ਤੋਂ ਛੁੱਟੀ ਮਿਲਣ ਕਾਰਨ ਇਸ ਮੌਕੇ ਸ਼ਾਮਲ ਨਹੀਂ ਹੋਏ। ਪਹਿਲਾਂ ਦੋਵੇ ਪਤੀ ਪਤਨੀ ਇੱਕਠੇ ਹੀ ਸਿੱਧੂ ਦੇ ਚਾਹੁਣ ਵਾਲਿਆਂ (Fans) ਨੂੰ ਮਿਲਦੇ ਹਨ।
ਅਸੀਂ ਇੱਕ ਸਿੱਧੂ ਖੋਇਆ ਤਾਂ ਤੁਹਾਡੇ ਰੂਪ ’ਚ ਹਜ਼ਾਰਾਂ ਸਿੱਧੂ ਮਿਲੇ: ਚਰਨ ਕੌਰ
ਮਰਹੂਮ ਗਾਇਕ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬਲਕੌਰ ਸਿੰਘ ਤੁਹਾਡੀਆਂ ਦੁਆਵਾਂ ਸਦਕਾ ਬਿਲਕੁਲ ਠੀਕਠਾਕ ਹਨ, ਪਰ ਡਾਕਟਰਾਂ ਨੇ ਹਾਲ ਦੀ ਘੜੀ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਸਿੱਧੂ ਦੀ ਮਾਤਾ ਨੇ ਕਿਹਾ ਜੇਕਰ ਪਰਮਾਤਮਾ ਨੇ ਸਾਡੇ ਕੋਲੋਂ ਇੱਕ ਸਿੱਧੂ ਖੋਹਿਆ ਹੈ ਤਾਂ ਤੁਹਾਡੇ ਰੂਪ ’ਚ ਹਜ਼ਾਰਾਂ ਸਿੱਧੂ ਮੂਸੇਵਾਲਾ ਦੇ ਦਿੱਤੇ ਹਨ।
ਸਾਡਾ ਪੁੱਤ ਜੋ ਕਮਾਈ ਕਰਕੇ ਗਿਆ, ਇਸ ਤੋਂ ਉੱਪਰ ਕੁਝ ਨਹੀਂ: ਚਰਨ ਕੌਰ
ਇਸ ਮੌਕੇ ਮਾਤਾ ਚਰਨ ਕੌਰ ਨੇ ਕਿਹਾ ਕਿ ਪੀਜੀਆਈ ’ਚ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ, ਕਿਉਂਕਿ ਡਾਕਟਰਾਂ ਦੀ ਟੀਮ ਨੇ ਬਹੁਤ ਦੇਖਭਾਲ ਕੀਤੀ। ਉਨ੍ਹਾਂ ਭਾਵੁਕ ਹੁੰਦਿਆ ਕਿਹਾ ਕਿ ਪੈਸਾ ਤਾਂ ਦੁਨੀਆਂ ਬਹੁਤ ਕਮਾ ਲੈਂਦੀ ਹੈ ਪਰ ਜੋ ਕਮਾਈ ਸਾਡਾ ਪੁੱਤ ਕਰਕੇ ਗਿਆ ਹੈ, ਸਾਨੂੰ ਲੱਗਦਾ ਇਸ ਤੋਂ ਉੱਪਰ ਕੁਝ ਹੋਰ ਨਹੀਂ ਹੈ।
ਲਾਰੈਂਸ ਦੀ ਜਾਨ ਨੂੰ ਖ਼ਤਰਾ ਹੋਣ ਦੀ ਵਕੀਲ ਸਿਰਫ਼ ਅਫ਼ਵਾਹ ਉਡਾਉਂਦੇ ਹਨ: ਚਰਨ ਕੌਰ
ਲਾਰੈਂਸ ਬਿਸ਼ਨੋਈ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਪੇਸ਼ੀ ਹੋਣੀ ਹੁੰਦੀ ਹੈ ਤਾਂ ਵਕੀਲ ਜਾਣਬੁੱਝ ਕੇ ਪਹਿਲਾਂ ਹੀ ਰੌਲਾ ਪਾ ਦਿੰਦੇ ਹਨ ਕਿ ਉਸਦੀ ਜਾਨ ਨੂੰ ਖ਼ਤਰਾ ਹੈ, ਪਰ ਅਸਲ ’ਚ ਅਜਿਹਾ ਕੁਝ ਨਹੀਂ ਹੁੰਦਾ। ਜਾਨੀ ਨੁਕਸਾਨ ਤਾਂ ਸਾਡੇ ਵਰਗਿਆਂ ਦਾ ਹੋਣਾ ਹੁੰਦਾ ਹੈ, ਜੋ ਆਪਣੇ ਦਮ ’ਤੇ ਤਰੱਕੀ ਕਰਦੇ ਹਨ।