ਚੰਡੀਗੜ੍ਹ: ਲੁਧਿਆਣਾ ਦਾ ਵਿਕਾਸ ਠਾਕੁਰ, ਇੰਗਲੈਂਡ ਦੇ ਬਰਮਿੰਘਮ ’ਚ ਚਾਂਦੀ ਦਾ ਤਮਗ਼ਾ ਜਿੱਤ ਕੇ ਆਪਣੇ ਜੱਦੀ ਸ਼ਹਿਰ ਪਹੁੰਚਿਆ, ਜਿੱਥੇ ਸ਼ਹਿਰ ਵਾਸੀਆਂ ਨੇ ਵਿਕਾਸ ਦੇ ਸਵਾਗਤ ’ਚ ਆਤਿਸ਼ਬਾਜੀ ਕੀਤੀ ਤੇ ਉਸਨੂੰ ਫ਼ੁੱਲਾਂ ਦੇ ਹਾਰਾਂ ਨਾਲ ਗਲ਼ ਤੱਕ ਭਰ ਦਿੱਤਾ। ਇਹ ਮਾਹੌਲ ਵੇਖ ਵਿਕਾਸ ਦੇ ਮਾਪੇ  ਤੇ ਰਿਸ਼ਤੇਦਾਰ ਖੁਸ਼ੀ ਨਾਲ ਫੁੱਲੇ ਨਹੀਂ ਸੀ ਸਮਾ ਰਹੇ। 


COMMERCIAL BREAK
SCROLL TO CONTINUE READING

 



ਵਿਕਾਸ ਨੇ ਮੂਸੇਵਾਲਾ ਨੂੰ ਕੀਤਾ ਯਾਦ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਕਾਸ ਨੇ ਦੱਸਿਆ ਕਿ ਮੈਚ ਤੋਂ ਠੀਕ ਪਹਿਲਾਂ ਉਸਨੇ ਮੂਸੇਵਾਲਾ ਦਾ "Level" ਗੀਤ ਸੁਣਿਆ ਸੀ, ਜਿਸਨੇ ਉਸਨੂੰ ਸਿਰ ਤੋਂ ਲੈਕੇ ਪੈਰਾਂ ਤੱਕ ਜੋਸ਼ ਨਾਲ ਭਰ ਦਿੱਤਾ ਸੀ। ਵਿਕਾਸ ਨੇ ਦੱਸਿਆ ਕਿ ਮੈਡਲ ਜਿੱਤਣ ਦੀ ਖੁਸ਼ੀ ’ਚ ਉਸਨੇ ਮੂਸੇਵਾਲਾ ਦੇ ਅੰਦਾਜ਼ ’ਚ ਪੱਟ ’ਤੇ ਥਾਪੀ ਮਾਰ ਜਿੱਤ ਦਾ ਜਸ਼ਨ ਮਨਾਇਆ। ਵਿਕਾਸ ਨੇ ਦੱਸਿਆ ਕਿ ਉਸਦੇ ਅਭਿਆਸ ਦੇ ਸਮੇਂ ਵੀ ਮੂਸੇਵਾਲੇ ਦੀ ਗੀਤ ਚੱਲਦੇ ਰਹਿੰਦੇ ਸਨ। 


ਵਿਕਾਸ ਚਾਹੁੰਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਮਿਲੇ ਤੇ ਅਸਲ ਕਾਤਲ ਜਲਦ ਹੀ ਸਲਾਖ਼ਾਂ ਪਿੱਛੇ ਹੋਣ। 



ਵਿਕਾਸ ਨੇ ਤਮਗ਼ਾ ਆਪਣੀ ਮਾਂ ਨੂੰ ਕੀਤਾ ਸਮਰਪਿਤ
ਵਿਕਾਸ ਨੇ ਇਸ ਖੁਸ਼ੀ ਦੇ ਮੌਕੇ ਚਾਂਦੀ ਦਾ ਤਮਗ਼ਾ ਆਪਣੀ ਮਾਂ ਦੇ ਗਲ਼ ’ਚ ਪਾ ਦਿੱਤਾ, ਮਾਂ ਨੇ ਵੀ ਭਾਵੁਕ ਹੁੰਦਿਆ ਆਪਣੇ ਪੁੱਤ ਨੂੰ ਗਲ਼ੇ ਲਗਾ ਲਿਆ। ਇਸ ਮੌਕੇ ਵਿਕਾਸ ਠਾਕੁਰ ਨੇ ਕਿਹਾ ਕਿ ਮੈਂ ਆਪਣੀ ਮਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿਕਾਸ ਨੇ ਦੱਸਿਆ ਕਿ ਉਸਨੇ ਫ਼ੋਨ ’ਤੇ ਆਪਣੀ ਮਾਂ ਨੂੰ ਕਿਹਾ ਸੀ "ਤੁਹਾਡੇ ਜਨਮਦਿਨ ਵਾਲੇ ਦਿਨ ਮੇਰਾ ਫ਼ਾਈਨਲ ਮੈਚ ਹੋਵੇਗਾ, ਮੈਂ ਤੁਹਾਡੀ ਝੋਲੀ ਤਮਗ਼ਾ ਜ਼ਰੂਰਾ ਪਵਾਂਗਾ।" ਸੋ, ਮਾਂ ਨਾਲ ਆਪਣਾ ਵਾਅਦਾ ਨਿਭਾਉਂਦਿਆ ਉਸਨੇ ਮਾਂ ਦੇ ਜਨਮਦਿਨ ਵਾਲੇ ਦਿਨ ਚਾਂਦੀ ਦਾ ਤਮਗ਼ਾ ਉਸਦੀ ਝੋਲੀ ਪਾਇਆ।


 


 



Boxing ’ਚ ਜਾਣਾ ਚਾਹੁੰਦਾ ਸੀ ਵਿਕਾਸ 
ਵਿਕਾਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਖੇਡਾਂ ਦਾ ਸ਼ੌਕੀਨ ਸੀ। ਉਸਦਾ ਪਰਿਵਾਰ ਵੀ ਚਾਹੁੰਦਾ ਸੀ ਕਿ ਉਹ ਖੇਡ ’ਚ ਆਪਣਾ ਕੈਰੀਅਰ ਬਣਾਏ। ਪਹਿਲਾਂ ਵਿਕਾਸ ਬਾਕਸਿੰਗ ’ਚ ਜਾਣਾ ਚਾਹੁੰਦਾ ਸੀ ਪਰ ਲੁਧਿਆਣਾ ’ਚ ਕੋਈ ਬੇਹਤਰੀਨ ਕੋਚ ਨਾ ਹੋਣ ਕਰਕੇ ਉਸਨੇ ਵੇਟ ਲਿਫਟਿੰਗ ਨੂੰ ਕੈਰੀਅਰ ਦੇ ਤੌਰ ’ਤੇ ਚੁਣਿਆ।