ਮੂਸੇਵਾਲਾ ਦੇ ਪਿਤਾ ਦੇ ਅਲਟੀਮੇਟਮ ’ਤੇ ਸਰਕਾਰ ਨੇ ਦਿੱਤਾ ਸਪਸ਼ਟੀਕਰਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਜਾਬ ਸਰਕਾਰ ਨੂੰ 1 ਹਫ਼ਤੇ ਦੀ ਮੋਹਲਤ ਦਿੱਤੇ ਜਾਣ ਤੋਂ ਬਾਅਦ ਮਾਨਸਾ ਦੇ ਐੱਸ. ਐੱਸ. ਪੀ ਗੌਰਵ ਤੂਰਾ ਦਾ ਬਿਆਨ ਸਾਹਮਣੇ ਆਇਆ ਹੈ।
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਜਾਬ ਸਰਕਾਰ ਨੂੰ 1 ਹਫ਼ਤੇ ਦੀ ਮੋਹਲਤ ਦਿੱਤੇ ਜਾਣ ਤੋਂ ਬਾਅਦ ਮਾਨਸਾ ਦੇ ਐੱਸ. ਐੱਸ. ਪੀ ਗੌਰਵ ਤੂਰਾ ਦਾ ਬਿਆਨ ਸਾਹਮਣੇ ਆਇਆ ਹੈ।
ਮੂਸੇਵਾਲਾ ਦੀ ਹੱਤਿਆ ਮਾਮਲੇ ’ਚ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਗੌਰਵ ਤੂਰਾ (SSP) ਨੇ ਕਿਹਾ ਕਿ ਇਨਸਾਫ਼ ਦਿਵਾਉਣ ਲਈ ਬੜੀ ਤੇਜ਼ੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹੱਤਿਆ ’ਚ ਸ਼ਾਮਲ ਸਿੱਧੇ ਤੇ ਅਸਿੱਧੇ ਤੌਰ ’ਤੇ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਮਗਰੋਂ ਮਾਣਯੋਗ ਅਦਾਲਤ ਦੁਆਰਾ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ।
ਉੱਥੇ ਹੀ ਮੂਸੇਵਾਲਾ ਹੱਤਿਆ ਮਾਮਲੇ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ’ਚ ਪੁਲਿਸ ਦੀਆਂ ਟੀਮਾਂ ਕਈ ਵੱਡੇ ਗੈਂਗਸਟਰਾਂ ਨੂੰ ਪੰਜਾਬ ਲਿਆ ਕੇ ਜਾਂਚ ਪੜਤਾਲ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੂਸੇਵਾਲਾ ਹੱਤਿਆ ਮਾਮਲੇ ’ਚ ਸ਼ਾਮਲ ਜ਼ਿਆਦਾਤਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਬਾਕੀ ਰਹਿੰਦਿਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਦਕਿ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਪੁਲਿਸ ਵਲੋਂ ਵਧਾ ਦਿੱਤੀ ਗਈ ਹੈ। ਪਰ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਨਾ ਤਾਂ ਮੇਰਾ ਪੁੱਤ ਕਿਸੇ ਤੋਂ ਡਰਿਆ ਅਤੇ ਨਾ ਹੀ ਮੈਂ ਕਿਤੇ ਤੋਂ ਡਰਦਾ ਹਾਂ। ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਮੈਨੂੰ ਮੇਰੇ ਪੁੱਤ ਦਾ ਇਨਸਾਫ਼ ਨਹੀਂ ਮਿਲ ਜਾਂਦਾ।