ਸਿਮਰਨਜੀਤ ਸਿੰਘ ਮਾਨ ਦਾ ਨਵਾਂ ਵਿਵਾਦ- ਕੇਂਦਰੀ ਸਿੱਖ ਅਜਾਇਬ ਘਰ ਵਿਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਕੀਤੀ ਮੰਗ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਭਗਤ ਸਿੰਘ ਆਪਣੇ ਆਪ ਨੂੰ ਨਾਸਤਿਕ ਸਮਝਦਾ ਸੀ। ਅਜਿਹੇ `ਚ ਉਨ੍ਹਾਂ ਦੀ ਤਸਵੀਰ ਨੂੰ ਮਿਊਜ਼ੀਅਮ `ਚ ਨਹੀਂ ਲਗਾਉਣਾ ਚਾਹੀਦਾ।
ਚੰਡੀਗੜ: ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਏ ਹਨ। ਹੁਣ ਉਨ੍ਹਾਂ ਦੀ ਪਾਰਟੀ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਮੌਜੂਦ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਇਕ ਵਫ਼ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਪੱਤਰ ਵਿਚ ਕੀ ਲਿਖ ਕੇ ਦਿੱਤਾ ਗਿਆ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਭਗਤ ਸਿੰਘ ਆਪਣੇ ਆਪ ਨੂੰ ਨਾਸਤਿਕ ਸਮਝਦਾ ਸੀ। ਅਜਿਹੇ 'ਚ ਉਨ੍ਹਾਂ ਦੀ ਤਸਵੀਰ ਨੂੰ ਮਿਊਜ਼ੀਅਮ 'ਚ ਨਹੀਂ ਲਗਾਉਣਾ ਚਾਹੀਦਾ। ਉਸ ਨੂੰ ਉਥੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸਿਮਰਨਜੀਤ ਸਿੰਘ ਨੇ ਵੀ ਕਿਹਾ ਸੀ ਕਿ ਉਹ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਣਗੇ।
"ਸਿੱਖਾਂ ਲਈ ਵੱਖਰਾ ਦੇਸ਼ ਹੋਣਾ ਚਾਹੀਦਾ ਹੈ"
ਸਿਮਰਨਜੀਤ ਸਿੰਘ ਮਾਨ ਨੇ ਵੀ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲੀ ਆਪਣੀ ਟਿੱਪਣੀ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਿੱਖਾਂ ਲਈ ਵੱਖਰਾ ਦੇਸ਼ ਹੋਣਾ ਚਾਹੀਦਾ ਹੈ। ਜੂਨ 'ਚ ਹੋਈਆਂ ਉਪ ਚੋਣਾਂ 'ਚ ਸੰਗਰੂਰ ਸੀਟ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਮਾਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ 'ਚ ਸੰਵਿਧਾਨ ਦੇ ਨਾਂ 'ਤੇ ਸਹੁੰ ਚੁੱਕੀ ਅਤੇ ਦੇਸ਼ ਦੀ ਸ਼ਾਨ ਪ੍ਰਤੀ ਵਚਨਬੱਧਤਾ ਦਾ ਅਹਿਦ ਲਿਆ।
WATCH LIVE TV