Sis Marg Yatra: ਦਿੱਲੀ ਦੇ ਚਾਂਦਨੀ ਚੌਕ ਤੋਂ ਚੱਲੀ ਸੀਸ ਮਾਰਗ ਯਾਤਰਾ ਗੁਰਦੁਆਰਾ ਸੀਸ ਗੰਜ ਸ਼੍ਰੀ ਅਨੰਦਪੁਰ ਸਾਹਿਬ ਪੁੱਜੀ
Sis Marg Yatra: ਦਿੱਲੀ ਦੇ ਚਾਂਦਨੀ ਚੌਕ ਤੋਂ ਸ਼ੁਰੂ ਕੀਤੀ ਗਈ ਸੀਸ ਮਾਰਗ ਯਾਤਰਾ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੀ।
Sis Marg Yatra(ਬਿਮਲ ਸ਼ਰਮਾ): ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਤੋਂ ਸ਼ੁਰੂ ਕੀਤੀ ਗਈ ਸੀਸ ਮਾਰਗ ਯਾਤਰਾ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੀ।
ਜਿੱਥੇ ਇਸ ਯਾਤਰਾ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਧਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸ ਸੰਸਕਾਰ ਦਿਵਸ ਵੀ ਮਨਾਇਆ ਗਿਆ।
ਜ਼ਿਕਰਯੋਗ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਦਿੱਤੀ ਗਈ ਜਿਸ ਉਪਰੰਤ ਉਨ੍ਹਾਂ ਦੇ ਧੜ ਦਾ ਸਸਕਾਰ ਦਿੱਲੀ ਵਿੱਚ ਕੀਤਾ ਗਿਆ ਅਤੇ ਉਨ੍ਹਾਂ ਦੇ ਸੀਸ ਨੂੰ ਭਾਈ ਜੈਤਾ ਜੀ ਸ਼੍ਰੀ ਕੀਰਤਪੁਰ ਸਾਹਿਬ ਲੈ ਕੇ ਪੁੱਜੇ। ਉਥੋਂ ਇੱਕ ਬਿਬਾਨ ਦੇ ਰੂਪ ਦੇ ਵਿੱਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਤੇ ਸਿੱਖ ਸੰਗਤ ਵੱਲੋਂ ਗੁਰੂ ਸਾਹਿਬ ਦੇ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ।
ਗੁਰੂ ਸਾਹਿਬ ਦੇ ਘਰ ਗੁਰੂ ਕਾ ਮਹਿਲ ਭੋਰਾ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਿਸ ਅਸਥਾਨ ਉਤੇ ਗੁਰੂ ਸਾਹਿਬ ਦਾ ਸਸਕਾਰ ਕੀਤਾ ਗਿਆ ਸੀ। ਉਸ ਅਸਥਾਨ ਉਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਸੋ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਈ ਇਹ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਈ।
ਦੱਸਣਯੋਗ ਹੈ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸ ਸਸਕਾਰ ਦਿਵਸ ਵੀ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੱਲੋਂ ਸੰਗਤ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸ ਨਾਲ ਜੋੜਿਆ ਗਿਆ।