ਡੇਰਾ ਸਲਾਬਤਪੁਰਾ ਦੀਆਂ ਕੰਧਾਂ `ਤੇ ਲਿਖੇ ਗਏ `ਖਾਲਿਸਤਾਨ ਜ਼ਿੰਦਾਬਾਦ` ਦੇ ਨਾਅਰੇ
ਡੇਰੇ ਦੀਆਂ ਕੰਧਾਂ `ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈਂਦਿਆਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਰਾਹੀਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੇ 2007 `ਚ ਸਿੱਖ ਗੁਰੂਆਂ ਦੀ ਬਰਾਬਰੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦਾ ਬਦਲਾ ਲਵੇਗਾ, ਦੇ ਨਾਅਰੇ ਲਾਏ ਹਨ।
ਚੰਡੀਗੜ: ਡੇਰਾ ਰਾਜਗੜ ਸਲਾਬਤਪੁਰਾ ਦੀਆਂ ਕੰਧਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ। ਇਨ੍ਹਾਂ ਨਾਅਰਿਆਂ 'ਚ 'ਖਾਲਿਸਤਾਨ ਜ਼ਿੰਦਾਬਾਦ', 'ਐੱਸ.ਜੇ.ਐੱਫ. ਅਤੇ ਬਦਲਾ ਲਵਾਂਗੇ' ਆਦਿ ਲਿਖਿਆ ਹੋਇਆ ਸੀ। ਸੂਚਨਾ ਮਿਲਦੇ ਹੀ ਐੱਸ.ਪੀ. (ਡੀ) ਬਠਿੰਡਾ ਤਰੁਣ ਰਤਨ, ਡੀ.ਐਸ.ਪੀ. ਫੂਲ ਅਸਵੰਤ ਸਿੰਘ ਅਤੇ ਐੱਸ.ਐੱਚ.ਓ. ਦਿਆਲਪੁਰਾ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲੀਸ ਨੇ ਡੇਰੇ ਦੀ ਚਾਰ ਦੀਵਾਰੀ ’ਤੇ ਲਿਖੇ ਨਾਅਰਿਆਂ ਨੂੰ ਮਿਟਾ ਦਿੱਤਾ।
ਸਿੱਖਸ ਫਾਰ ਜਸਟਿਸ ਨੇ ਲਈ ਜ਼ਿੰਮੇਵਾਰੀ
ਡੇਰੇ ਦੀਆਂ ਕੰਧਾਂ 'ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈਂਦਿਆਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਰਾਹੀਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੇ 2007 'ਚ ਸਿੱਖ ਗੁਰੂਆਂ ਦੀ ਬਰਾਬਰੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦਾ ਬਦਲਾ ਲਵੇਗਾ, ਦੇ ਨਾਅਰੇ ਲਾਏ ਹਨ। ਇਸ ਤੋਂ ਇਲਾਵਾ 26 ਜਨਵਰੀ 2023 ਨੂੰ ਪੰਜਾਬ ਭਾਰਤ ਤੋਂ ਆਜ਼ਾਦ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਯੂ.ਪੀ. ਸਰਕਾਰ ਨੂੰ ਵੀ ਧਮਕੀ ਦਿੱਤੀ।
ਡੇਰਾ ਮੈਂਬਰਾਂ ਦਾ ਕਹਿਣਾ ਸ਼ਰਾਰਤੀ ਅਨਸਰਾਂ ਦਾ ਕੰਮ
ਡੇਰਾ ਸਲਾਬਤਪੁਰਾ ਦੀ 45 ਮੈਂਬਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਚੰਦ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਕੰਧਾਂ 'ਤੇ ਲਿਖੇ ਇਹ ਖਾਲਿਸਤਾਨ ਪੱਖੀ ਨਾਅਰੇ ਦਰਸਾਉਂਦੇ ਹਨ ਕਿ ਇਹ ਉਨ੍ਹਾਂ ਲੋਕਾਂ ਦੀ ਸ਼ਰਾਰਤ ਹੈ ਜੋ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਚਾਹੁੰਦੇ ਹਨ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਹੋਈ ਗੱਲਬਾਤ ਅਤੇ ਉਨ੍ਹਾਂ ਨੂੰ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
WATCH LIVE TV