SPGC President News: ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 28 ਅਕਤੂਬਾਰ ਨੂੰ ਹੋਣ ਵਾਲਾ ਸਾਲਾਨਾ ਜਨਰਲ ਇਜਲਾਸ ਅਹਿਮ ਹੋਵੇਗਾ। ਇਸ ਦਿਨ ਮੌਜੂਦਾ ਹਾਊਸ ਦੇ 148 ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰਤ ਤੌਰ ‘ਤੇ ਆਪਣੀ ਵੋਟ ਦੇ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕਰਨਗੇ। ਇਸ ਵਾਰ ਇਹ ਚੋਣ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾ ਕੇ ਚੱਲੇ ਟਕਸਾਲੀ ਆਗੂ ਵੀ ਮਜ਼ਬੂਤ ਧੜੇ ਵਜੋਂ ਉੱਭਰ ਕੇ ਸਾਹਮਣੇ ਆ ਸਕਦੇ ਹਨ।


COMMERCIAL BREAK
SCROLL TO CONTINUE READING

ਨਵੰਬਰ 2022 ਦੀ ਤਰ੍ਹਾਂ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਗੀ ਧੜੇ ਵੱਲੋਂ ਬਣਾਈ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਇਹ ਦੋਵੇਂ ਆਗੂ ਪਿਛਲੇ ਸਮੇਂ ਤੋਂ ਮੈਂਬਰਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ। ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਨੇੜਲੇ ਸਾਥੀ ਮੰਨੇ ਜਾਂਦੇ ਲਗਾਤਾਰ ਤਿੰਨ ਵਾਰ ਚਲਦੇ ਆ ਰਹੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਉਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ, ਉੱਥੇ ਬਾਗੀ ਅਤੇ ਸੁਧਾਰ ਲਹਿਰ ਧੜੇ ਵੱਲੋਂ ਚਾਰ ਵਾਰ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।


ਜਨਰਲ ਹਾਊਸ ਦੇ 185 ਮੈਂਬਰਾਂ ਵਿਚੋਂ 35 ਮੈਂਬਰਾਂ ਵਿਚ ਕੁਝ ਅਸਤੀਫਾ ਦੇ ਚੁੱਕੇ ਹਨ ਜਾਂ ਸਵਗਵਾਸ ਹੋ ਗਏ ਹਨ। 2 ਮੈਂਬਰਾਂ 'ਤੇ ਰੋਕ ਲੱਗੀ ਹੋਈ ਹੈ। ਬਾਗੀ ਹੋਏ ਧੜੇ ਵਿਚ ਪਿਛਲੇ 8 ਨਵੰਬਰ 2023 ਦੌਰਾਨ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 137 ਵੋਟਾਂ ਵਿਚੋਂ 118 ਵੋਟਾਂ, ਵਿਰੋਧੀ ਧਿਰ ਦੇ ਉਮੀਦਵਾਰ ਬਾਬਾ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਹਾਸਲ ਹੋਈਆਂ ਸਨ। 9 ਨਵੰਬਰ 2022 ਦੌਰਾਨ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 146 ਵੋਟਾਂ ਵਿਚੋਂ 102 ਵੋਟਾਂ, ਵਿਰੋਧੀ ਧਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹਾਸਲ ਹੋਈਆਂ ਸਨ।


29 ਨਵੰਬਰ 2021 ਦੌਰਾਨ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 141 ਵੋਟਾਂ ਵਿਚੋਂ 122 ਵੋਟਾਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਨੂੰ 19 ਵੋਟਾਂ ਹਾਸਲ ਹੋਈਆਂ ਸਨ। ਪਰ ਇਸ ਵਾਰ ਅਕਾਲੀ ਦਲ ਤੋਂ ਇਕ ਵੱਡਾ ਧੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾ ਕੇ ਪੰਥਕ ਗਤੀਵਿਧੀਆਂ ਕਰ ਰਿਹਾ ਹੈ। ਇਸੇ ਧੜੇ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ।