Fatehgarh Sahib News (ਜਗਮੀਤ ਸਿੰਘ): ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING

ਇਸ ਮਾਮਲੇ ਸਬੰਧੀ ਐਸਐਚਓ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿੱਚ ਘੋੜਿਆਂ ਦੀ ਸੇਵਾ ਚਲਦੀ ਹੈ ਜਿੱਥੇ ਉਨ੍ਹਾਂ ਦੀ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਜਿਸ ਵਿੱਚ ਜਸਵੀਰ ਸਿੰਘ ਨੇ ਕਿਰਪਾਨ ਨਾਲ ਗੁਰਜੰਟ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਵੱਲੋਂ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ। 


ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਹੰਗ ਸਿੰਘ ਸੁਖਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿਖੇ ਘੋੜਿਆਂ ਦੀ ਸੇਵਾ ਚਲਦੀ ਹੈ ਜਿੱਥੇ ਉਨ੍ਹਾਂ ਦੀ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ ਸੀ। ਉਹ ਸੇਵਾ ਕਰ ਰਹੇ ਸਨ ਤਾਂ ਨਿਹੰਗ ਸਿੰਘ ਜਸਵੀਰ ਸਿੰਘ ਨੇ ਕਿਹਾ ਕਿ ਬਾਜ ਨਾਮਕ ਘੋੜੇ ਦੀ ਸੇਵਾ ਉਹ ਕਰੇਗਾ ਜਿਸ ਨੂੰ ਨਿਹੰਗ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਹੁਣ ਉਹ ਸੇਵਾ ਕਰ ਰਿਹਾ ਹੈ ਤੁਸੀਂ ਬਾਅਦ ਵਿੱਚ ਆ ਕੇ ਸੇਵਾ ਕਰ ਲਿਓ।


ਇਸ ਉਤੇ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ ਆਪਣੀ ਕਿਰਪਾਨ ਕੱਢ ਕੇ ਬਾਜ ਨਾਮਕ ਘੋੜੇ ਦੀ ਗਰਦਨ 'ਤੇ ਵਾਰ ਕਰ ਦਿੱਤਾ ਤਾਂ ਘੋੜਾ ਡਰ ਕੇ ਭੱਜ ਗਿਆ। ਇਸ ਮਗਰੋਂ ਜਸਵੀਰ ਸਿੰਘ ਨੇ ਲਲਕਾਰਾ ਮਾਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ 'ਤੇ ਕਰ ਦਿੱਤਾ ਜਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ ਉੱਤੇ ਰੱਖ ਲਿਆ ਤੇ ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਵਾਰ ਗੁਰਜੰਟ ਸਿੰਘ ਦੇ ਖੱਬੇ ਗੁੱਟ ਉੱਤੇ ਲੱਗਾ ਜਿਸ ਕਾਰਨ ਗੁਰਜੰਟ ਸਿੰਘ ਦਾ ਗੁੱਟ ਬਾਂਹ ਨਾਲੋਂ ਵੱਖ ਹੋ ਕੇ ਧਰਤੀ ਉਤੇ ਡਿੱਗ ਪਿਆ।


ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ ਉਤੇ ਲੱਗਾ ਜਿਸ ਕਾਰਨ ਉਸਦੇ ਸੱਜੇ ਹੱਥ ਉਤੇ ਵੀ ਡੂੰਘਾ ਜ਼ਖਮ ਹੋ ਗਿਆ ਤੇ ਗੁਰਜੰਟ ਸਿੰਘ ਲਹੂ ਲੁਹਾਣ ਹੋ ਗਿਆ। ਇਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦਿੰਦਾ ਹੋਇਆ ਕਿਰਪਾਨ ਸਮੇਤ ਮੌਕੇ ਉਤੋਂ ਦੌੜ ਗਿਆ।


ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਜ਼ਖਮੀ ਹੋਏ ਗੁਰਜੰਟ ਸਿੰਘ(27) ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਜਸਵੀਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ।