Sri Anandpur Sahib: ਸਿੱਖ ਇਤਿਹਾਸ `ਚ `ਸ਼ਹਾਦਤੀ ਪੈਂਡਾ`-ਇਸ ਦਿਨ ਵਿਛੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ
Sri Anandpur Sahib: ਪੋਹ ਮਹੀਨੇ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ। ਕੇਵਲ ਸਿੱਖ ਭਾਈਚਾਰਾ ਨਹੀਂ ਬਲਕਿ ਮਾਨਵਤਾ ਨੂੰ ਪ੍ਰੇਮ ਕਰਨ ਵਾਲਾ ਹਰ ਮਨੁੱਖ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਅਕੀਦਤ ਭੇਂਟ ਕਰਦਾ ਹੈ। ਦਸੰਬਰ 20-21, ਮੰਗਲ-ਬੁੱਧ ਦੀ ਵਿਚਕਾਰਲੀ ਰਾਤ ਨੂੰ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੂਠੀਆਂ ਸੌਂਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ’ਤੇ ਕਿਲ੍ਹਾ ਅਨੰਦਗੜ੍ਹ ਛੱਡਣ ਦਾ ਫ਼ੈਸਲਾ ਕਰ ਲਿਆ ਸੀ।
Sri Anandpur Sahib: ਸਿੱਖ ਕੌਮ ਵਿੱਚ 6 ਪੋਹ ਦਾ ਦਿਨ ਬੇਹੱਦ ਅਹਿਮ ਅਤੇ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh) ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਇਸ ਮਹੀਨੇ ਵਿੱਚ ਕੋਈ ਵੀ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਹੈ। ਦਰਅਸਲ ਪੋਹ ਦੇ ਮਹੀਨੇ ਹੱਡ ਚੀਰਵੀਂ ਠੰਡ ਹੁੰਦੀ ਹੈ ਪਰ ਅਨੰਦਪੁਰ ਦੇ ਅਨੰਦਮਈ 8 ਮਹੀਨੇ ਦੇ ਜਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਕੰਧਾਂ ’ਚ ਸਾਹਿਬਜ਼ਾਦਿਆਂ ਦੇ ਜਿਊਂਦੇ ਚਿਣੇ ਜਾਣ ’ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ ਮਨ ਸਰੀਰ ’ਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ।
ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੇ ਦਿਨ ਲਈ ਟਵੀਟ ਕਰ ਲਿਖਿਆ ਹੈ, ਅੱਜ ਦੇ ਦਿਨ 6 ਪੋਹ ਨੂੰ ਸਰਬੰਸਦਾਨੀ, ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਆਓ ਇਸ ਸ਼ਹੀਦੀ ਹਫ਼ਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਈਏ ਤੇ ਉਸ ਮਹਾਨ ਸ਼ਹੀਦੀ ਨੂੰ ਯਾਦ ਕਰੀਏ।"
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕਰ ਲਿਖਿਆ ਹੈ ਕਿ ਕਿਲ੍ਹਾ ਅਨੰਦਗੜ੍ਹ ਸਿੱਖ ਧਰਮ ਦੀ ਉਹ ਪਾਵਨ ਤੇ ਇਤਿਹਾਸਕ ਜਗ੍ਹਾ ਹੈ ਜਿਥੋਂ ਅੱਜ ਦੇ ਦਿਨ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਪਹਾੜੀ ਰਾਜਿਆਂ ਤੇ ਮੁਗ਼ਲ ਹਕੂਮਤ ਦੇ ਜ਼ਬਰ ਵਿਰੁੱਧ ਸਫ਼ਰ-ਏ-ਸ਼ਹਾਦਤ ਸ਼ੁਰੂ ਕੀਤਾ ਸੀ। ਸਫ਼ਰ-ਏ-ਸ਼ਹਾਦਤ ਦੇ ਰਾਹ ਤੇ ਤੁਰਨ ਵਾਲੇ ਮਹਾਨ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ।
ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
6 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ। ਜੇਕਰ ਇਤਿਹਾਸ ਉੱਤੇ ਚਾਨਣਾਂ ਪਾਇਆ ਜਾਵੇ ਤਾਂ 6 ਪੋਹ ਨੂੰ ਕੜਾਕੇ ਦੀ ਠੰਢ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦਾ ਸਾਹਮਣਾ ਕਰਦਿਆਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਛੱਡਿਆ।
ਦੁਸ਼ਮਣ ਨੇ ਵਿਸ਼ਵਾਸ਼ਘਾਤ ਕਰ ਕੇ ਪਿੱਛੋਂ ਹਮਲਾ ਕੀਤਾ
ਇਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ-ਸਿੰਘਣੀਆਂ ਸਮੇਤ ਸਰਸਾ ਨਦੀ ਕਿਨਾਰੇ ਪਹੁੰਚੇ ਤਾਂ ਅੰਮ੍ਰਿਤ ਵੇਲੇ ਦੇ ਨਿੱਤਨੇਮ ਦਾ ਸਮਾਂ ਹੋ ਗਿਆ ਸੀ। ਸਾਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਪਰ ਦੁਸ਼ਮਣ ਨੇ ਧੋਖੇ ਨਾਲ ਪਿੱਛੋਂ ਹਮਲਾ ਕਰ ਦਿੱਤਾ। ਖ਼ਾਲਸੇ ਨੇ ਡਟ ਕੇ ਸਾਹਮਣਾ ਕੀਤਾ। ਪਹਾੜਾਂ ਵਿੱਚ ਪੈ ਰਹੇ ਮੀਂਹ ਕਾਰਨ ਸਰਸਾ ਨਦੀ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਸੀ।
ਗੁਰੂ ਪਰਿਵਾਰ ਤਿੰਨ ਹਿੱਸਿਆਂ 'ਚ ਵਿਛੜਿਆ
ਹਨੇਰੇ ਵਿੱਚ ਕੁਝ ਸਿੰਘਾਂ ਨੇ ਦੁਸ਼ਮਣ ਨੂੰ ਰੋਕੀ ਰੱਖਿਆ ਤੇ ਬਾਕੀ ਗੁਰੂ ਜੀ ਦੇ ਹੁਕਮ ਨਾਲ ਸਰਸਾ ਪਾਰ ਕੀਤੀ ਬਹੁਤ ਸਾਰੇ ਸਿੰਘ-ਸਿੰਘਣੀਆਂ ਤੇ ਬੇਸ਼ਕੀਮਤੀ ਸਾਹਿਤ ਵੀ ਸਰਸਾ ਨਦੀ ਦੀ ਭੇਂਟ ਚੜ੍ਹ ਗਿਆ। ਗੁਰੂ ਪਰਿਵਾਰ ਇੱਥੇ ਤਿੰਨ ਹਿੱਸਿਆਂ ਵਿੱਚ ਵੰਡਿਆ ਇੱਕ ਦੂਜੇ ਤੋਂ ਵਿੱਛੜ ਗਿਆ।
ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਸਾਹਿਬ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਨਾਲ ਨਦੀ ਪਾਰ ਕਰ ਕੇ ਕੁੰਮੇ ਮਾਸ਼ਕੀ ਦੀ ਝੁੱਗੀ ਪਹੁੰਚੇ, ਉਪਰੰਤ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂਘਰ ਦਾ ਰਸੋਈਆਂ ਗੰਗੂ ਬ੍ਰਾਹਮਣ ਆਪਣੇ ਨਾਲ ਘਰ ਲੈ ਗਿਆ ਅਤੇ ਬਾਅਦ ਵਿੱਚ ਦਗੇਬਾਜ਼ੀ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਮੁਗਲਾਂ ਦੇ ਹਵਾਲੇ ਕਰਵਾ ਦਿੱਤਾ।
ਇਹ ਵੀ ਪੜ੍ਹੋ: Religion Punjab News: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, CM ਮਾਨ ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ
ਇਸ ਤੋਂ ਬਾਅਦ ਸਰਸਾ ਨਦੀ (Sarsa River) ਪਾਰ ਕਰਦਿਆਂ ਸਤਿਗੁਰਾਂ ਦਾ ਪਰਿਵਾਰ ਹੀ ਨਹੀਂ ਵਿੱਛੜਿਆ ਸਗੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ।