ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ: ਪੰਜਾਬ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪ੍ਰਾਪਤੀ ਦੀ ਬਦਨਾਮੀ ਕਰਨਾ ਬੰਦ ਕਰੋ
ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਭਗਵੰਤ ਮਾਨ ਕੇਜਰੀਵਾਲ ਤੇ ਉਹਨਾਂ ਦੇ ਜਾਅਲੀ ਦਿੱਲੀ ਮਾਡਲ ਦੇ ਪ੍ਰਚਾਰ ਵਾਸਤੇ ਪਹਿਲਾਂ ਹੀ ਕਰਜ਼ਈ ਪੰਜਾਬ ਦੇ ਪੈਸੇ ਨੂੰ ਖੁਸ਼ੀ ਨਾਲ ਬਰਬਾਦ ਕਰਨ ਤੇ ਲੁਟਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੇ ਪਰ ਉਹ ਦਿੱਲੀ ਦੇ ਮੁਕਾਬਲੇ ਆਪਣੇ ਰਾਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਹਨ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਾਪਤੀ ਦਾ ਜਸ਼ਨ ਮਨਾਉਣ ਤੇ ਪੰਜਾਬ ਦੇ ਮਿਹਨਤ ਨਾਲ ਕਮਾਏ ਪੈਸੇ ਦੇ ਅਦਾ ਕੀਤੇ ਟੈਕਸ ਦੇ ਪੈਸੇ ਦੇ ਕਰੋੜਾਂ ਰੁਪਏ ਅਰਵਿੰਦ ਕੇਜਰੀਵਾਲ ਤੇ ਦਿੱਲੀ ਮਾਡਲ ਦੇ ਪ੍ਰਚਾਰ ’ਤੇ ਬਰਬਾਦ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹ ਪ੍ਰਾਪਤੀਆਂ ਕਦੇ ਹਾਸਲ ਹੀ ਨਹੀਂ ਹੋਈਆਂ।
ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਭਗਵੰਤ ਮਾਨ ਕੇਜਰੀਵਾਲ ਤੇ ਉਹਨਾਂ ਦੇ ਜਾਅਲੀ ਦਿੱਲੀ ਮਾਡਲ ਦੇ ਪ੍ਰਚਾਰ ਵਾਸਤੇ ਪਹਿਲਾਂ ਹੀ ਕਰਜ਼ਈ ਪੰਜਾਬ ਦੇ ਪੈਸੇ ਨੂੰ ਖੁਸ਼ੀ ਨਾਲ ਬਰਬਾਦ ਕਰਨ ਤੇ ਲੁਟਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੇ ਪਰ ਉਹ ਦਿੱਲੀ ਦੇ ਮੁਕਾਬਲੇ ਆਪਣੇ ਰਾਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਹਨ।
ਬਾਦਲ ਨੇ ਕਿਹਾ ਕਿ ਮਾਨ ਦਿੱਲੀ ਮਾਡਲ ਦੇ ਸੋਹਲੇ ਗਾ ਰਹੇ ਹਨ ਜਦੋਂ ਕਿ ਪ੍ਰਾਪਤੀਆਂ ਪੰਜਾਬੀ ਸਾਡੇ ਬੱਚੇ, ਨੌਜਵਾਨ, ਵਿਦਿਆਰਥੀ ਤੇ ਅਧਿਆਪਕ ਹਾਸਲ ਕਰ ਰਹੇ ਹਨ। ਉਹਨਾ ਕਿਹਾ ਕਿ ਮੁੱਖ ਮੰਤਰੀ ਨੇ ਆਪ ਸਾਡੇ ਅਧਿਆਪਕਾਂ ’ਤੇ ਮਾਣ ਕਰਨ ਦੇ ਭਾਸ਼ਣ ਦਿੱਤੇ ਸਨ ਪਰ ਹੁਣ ਉਹ ਆਪ ਹੀ ਪੰਜਾਬ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਿੱਲੀ ਤੋਂ ਕਿਤੇ ਅਗਾਂਹ ਹੋਣ ਦੀ ਗੱਲ ਦੁਨੀਆਂ ਨੁੰ ਦੱਸਣ ਵਿਚ ਸ਼ਰਮ ਮਹਿਸੂਸ ਕਰ ਰਹੇ ਹਨ।
ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਹ ਕਰ ਕੇ ਵਿਖਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਹਮੇਸ਼ਾ ਪਰਦੇ ਅੰਦਰ ਰੱਖਦੀਆਂ ਰਹੀਆਂ ਕਿ ਪੰਜਾਬੀ ਹਰ ਖੇਤਰ ਵਿਚ ਅੱਗੇ ਹਨ। ਉਹਨਾਂ ਕਿਹਾ ਕਿ ਪੰਜਾਬ ਨੇ ਦਰਸਾ ਦਿੱਤਾ ਹੈ ਕਿ ਉਹ ਦੇਸ਼ ਵਿਚ ਸਭ ਤੋਂ ਅੱਗੇ ਹੈ।
ਪੰਜਾਬ ਸਰਕਾਰ ਵੱਲੋਂ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਤੋਂ ਨਾਂਹ ਕਰਨ ’ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਹੋਰ ਆਮ ਆਦਮੀ ਪਾਰਟੀ ਆਗੂ ਸਾਡੇ ਸੂਬੇ ਦੇ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ ਤੇ ਉਹ ਸਿਰਫ ਦਿੱਲੀ ਦੇ ਜਾਅਲੀ ਮਾਡਲ ਦੀ ਸ਼ਲਾਘਾ ਕਰ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝੂਠ ਹੁਣ ਬੇਨਕਾਬ ਹੋ ਗਿਆ ਹੈ ਤੇ ਦਿੱਲੀ ਦਾ ਅਖੌਤੀ ਮਾਡਲ ਪੰਜਾਬ ਮਾਡਲ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਨੇੜੇ ਤੇੜੇ ਵੀ ਨਹੀਂ ਹੈ।
ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਦੁਨੀਆਂ ਨੁੰ ਇਹ ਦੱਸਣ ਵਿਚ ਸ਼ਰਮ ਕਿਉਂ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੇ ਸੂਬੇ ਦੇ ਵਿਦਿਆਰਥੀ ਸਰਵੋਤਮ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਪੰਜਾਬ ਮਾਡਲ ਹੀ ਭਾਰਤ ਸਰਕਾਰ ਨੇ ਅਪਣਾਇਆ ਹੈ ਪਰ ਉਹ ਇਸ ਪ੍ਰਾਪਤੀ ਤੋਂ ਸਿਰਫ ਇਸ ਕਰ ਕੇ ਡਰ ਰਹੇ ਹਨ ਕਿ ਇਸ ਪ੍ਰਾਪਤੀ ਨੁੰ ਉਹਨਾਂ ਤੇ ਸ੍ਰੀ ਕੇਜਰੀਵਾਲ ਨੁੰ ਪਰਦੇ ਹੇਠ ਰੱਖਣਾ ਪਵੇਗਾ ਕਿ ਸਾਡੇ ਵਿਦਿਆਰਥੀ ਤੇ ਅਧਿਆਪਕ ਮਾਨ ਦੇ ਸੁਫਨਿਆਂ ਦੀ ਦਿੱਲੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਕਿਤੇ ਅੱਗੇ ਹਨ।
ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਆਪਣੇ ਸੂਬੇ ਦੇ ਲੋਕਾਂ ਦੀ ਪ੍ਰਾਪਤੀ ਦੇ ਇਸ਼ਤਿਹਾਰ ਜਾਰੀ ਕਰ ਕੇ ਜਸ਼ਨ ਮਨਾਉਣ ਨੁੰ ਲੋੜੀਂਦਾ ਕਿਉਂ ਨਹੀਂ ਸਮਝਿਆ ? ਉਹਨਾਂ ਪੁੱਛਿਆ ਕਿ ਕੀ ਤੁਹਾਨੁੰ ਕੇਜਰੀਵਾਲ ਤੋਂ ਇੰਨਾ ਡਰ ਲੱਗਦਾ ਹੈ ਕਿ ਤੁਸੀਂ ਆਪਣੇ ਹੀ ਸੂਬੇ ਦੇ ਪ੍ਰਾਪਤੀਆਂ ਕਰਨ ਵਾਲਿਆਂ ਨੁੰ ਵਧਾਈ ਸਿਰਫ ਇਸ ਡਰੋਂ ਨਹੀਂ ਦੇਣਾ ਚਾਹੁੰਦੇ ਕਿ ਇਸ ਨਾਲ ਤੁਹਾਡੇ ਆਕਾ ਦੇ ਦਿੱਲੀ ਮਾਡਲ ਦੇ ਦਾਅਵੇ ਲੀਰੋ ਲੀਰ ਹੋ ਜਾਣਗੇ ? ਉਹਨਾਂ ਨੇ ਮਾਨ ਨੁੰ ਅਪੀਲ ਕੀਤੀ ਕਿ ਉਹ ਪ੍ਰਾਪਤੀਆਂ ਹਾਸਲ ਕਰਨ ਵਾਲੇ ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸੱਦ ਕੇ ਇਹ ਜਸ਼ਨ ਮਨਾਉਣ।
ਬਾਦਲ ਨੇ ਕਿਹਾ ਕਿ ਜਿਹੜੇ ਵੀ ਪੰਜਾਬ ਨੁੰ ਇਕ ਪਛੜਿਆ ਰਾਜ ਅਤੇ ਇਸਦੇ ਵਿਦਿਅਕ ਤੇ ਸਿਹਤ ਪ੍ਰਣਾਲੀ ਵਿਵਸਥਾ ਨੁੰ ਤਬਾਹ ਹੋਇਆ ਦੱਸਦੇ ਸਨ, ਉਹਨਾਂ ਨੁੰ ਅੱਜ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ। ਉਹਨਾਂ ਨਾਲ ਹੀ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਕ ਗਿਣੇ ਮਿੱਥੇ ਢੰਗ ਨਾਲ ਪੰਜਾਬੀ ਨੌਜਵਾਨਾਂ ਦਾ ਵਿਸ਼ਵਾਸ ਤਬਾਹ ਕੀਤਾ।
ਉਹਨਾ ਕਿਹਾ ਕਿ ਉਹ ਹਮੇਸ਼ਾ ਕਹਿੰੇਦ ਰਹੇ ਹਨ ਕਿ ਕੋਈ ਵੀ ਕਿਸੇ ਵੀ ਖੇਤਰ ਵਿਚ ਪੰਜਾਬੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਭਾਵੇਂ ਉਹ ਬੁਨਿਆਦੀ ਢਾਂਚੇ, ਸਿਹਤ ਸੰਭਾਲ, ਆਈ ਟੀ, ਸਿੱਖਿਆ, ਖੇਡਾਂ, ਹਵਾਈ ਤੇ ਜ਼ਮੀਨੀ ਸੰਪਰਕ ਜਾਂ ਵਿਰਾਸਤੀ ਸੰਭਾਲ ਦੀ ਗੱਲ ਹੋਵੇ।
ਉਹਨਾਂ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਤੇ ਮਾਪਿਆਂ ਨੇ ਇਹਨਾਂ ਸਿਆਸੀ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਨੁੰ ਦੱਸ ਦਿੱਤਾ ਹੈ ਕਿ ਪੰਜਾਬ ਕਿਥੇ ਖੜ੍ਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੁੰ ਇਹਨਾਂ ’ਤੇ ਮਾਣ ਹੈ ਤੇ ਉਹ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸੂਬੇ ਦਾ ਮਾਣ ਕਾਇਮ ਰੱਖਣ ਦੀ ਵਧਾਈ ਦਿੰਦੇ ਹਨ।