Sunil Jakhar: ਸ੍ਰੀ ਦਰਬਾਰ ਦੀ ਡਿਊਢੀ 'ਚ ਧਾਰਮਿਕ ਸਜ਼ਾ ਤਹਿਤ ਸੇਵਾ ਨਿਭਾਅ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਵਿੱਚ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਾਖੜ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ।


COMMERCIAL BREAK
SCROLL TO CONTINUE READING

ਜਾਖੜ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਤੇ ਡਰਪੋਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਦੀ ਆੜ 'ਚ ਅਜਿਹਾ ਕਾਰਾ ਕਰਨ ਵਾਲਾ ਸ਼ਖਸ ਸਿੱਖ ਹੋ ਹੀ ਨਹੀਂ ਸਕਦਾ, ਭਾਵੇਂ ਉਸ ਨੇ ਕੋਈ ਵੀ ਬਾਣਾ ਪਾਇਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰਦਾਤ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਕੇਂਦਰ ਦੀਆਂ ਏਜੰਸੀਆਂ ਨੂੰ ਵੀ ਇਸ 'ਤੇ ਗੌਰ ਕਰਨਾ ਹੋਵੇਗਾ।


ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕਿਸ ਨੇ ਇਹ ਡਰਪੋਕ ਹਰਕਤ ਕੀਤੀ ਤੇ ਕਿਸ ਦੇ ਕਹਿਣ 'ਤੇ ਇਹ ਹਮਲਾ ਹੋਇਆ। ਉਨ੍ਹਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਸੁਖਬੀਰ ਬਾਦਲ, ਸੁਰੱਖਿਆ ਮੁਲਾਜ਼ਮ ਜਾਂ ਕਿਸੇ ਵੀ ਸ਼ਰਧਾਲੂ ਨਾਲ ਅਣਹੋਣੀ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਹਮਲਾਵਰ ਨੂੰ ਕਾਬੂ ਕੀਤਾ, ਇਹ ਸ਼ਲਾਘਾਯੋਗ ਹੈ। 


ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਖ਼ਬਰਾਂ ਤੋਂ ਸੁਣਨ ਵਿਚ ਆਇਆ ਹੈ ਕਿ ਕਿਸੇ ਕਾਂਗਰਸੀ ਆਗੂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਬਿਨਾ ਕਿਸੇ ਜਾਂਚ ਦੇ ਕਿਸੇ 'ਤੇ ਅਜਿਹੇ ਇਲਜ਼ਾਮ ਨਹੀਂ ਲਗਾਏ ਜਾਣੇ ਚਾਹੀਦੇ। ਭਾਵੇਂ ਉਸ ਲੀਡਰ ਦੇ ਗੈਂਗਸਟਰਾਂ ਨਾਲ ਸਬੰਧ ਰਹੇ ਹੋਣ ਜਾਂ ਨਾ ਪਰ ਬਿਨਾਂ ਜਾਂਚ ਦੇ ਅਜਿਹੇ ਇਲਜ਼ਾਮ ਲਗਾਉਣਾ ਗਲਤ ਹੈ।


ਸੁਨੀਲ ਜਾਖੜ ਨੇ ਕਿਹਾ ਕਿ ਭਾਵੇਂ ਮੇਰੇ ਉਕਤ ਕਾਂਗਰਸੀ ਲੀਡਰ ਨਾਲ ਜਿੰਨੇ ਮਰਜ਼ੀ ਵਖਰੇਵੇਂ ਹੋਣ ਜਾਂ ਉਸ ਦਾ ਪਿਛੋਕੜ ਜਿਹੋ ਜਿਹਾ ਮਰਜ਼ੀ ਹੋਵੇ, ਪਰ ਬਿਨਾਂ ਕਿਸੇ ਸਬੂਤ ਜਾਂ ਜਾਂਚ ਦੇ ਕਿਸੇ 'ਤੇ ਅਜਿਹੇ ਦੋਸ਼ ਨਹੀਂ ਲਗਾਏ ਜਾਣੇ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਇਕੱਠੇ ਹੋ ਕੇ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪਤਾ ਲੱਗ ਸਕੇ ਕਿ ਕਿਹੜੀਆਂ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਇਸ ਘਟਨਾ ਨੇ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਖੋਲ੍ਹ ਦੇਣੀਆਂ ਹਨ।