Taran Taran News(Manish Sharma): ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਹਰੀਕੇ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਤੁਰੰਤ ਮੁਅੱਤਲ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਹੈ। ਸ਼ਿਮਲਾ ਰਾਣੀ ਦੇ ਖਿਲਾਫ ਇਹ ਕਾਰਵਾਈ ਚੋਰੀ ਦਾ ਕੇਸ ਨਾ ਦਰਜ ਕਰਨ ਨੂੰ ਲੈਕੇ ਹੋਈ ਹੈ। ਦਰਅਸਲ, ਇਸ ਮਾਮਲੇ ਦੀ ਪੀੜਤ ਵੱਲੋਂ ਥਾਣੇ ਦੇ ਕਈ ਵਾਰ ਗੇੜੇ ਮਾਰੇ ਗਏ। ਜਦੋਂ ਉਸ ਦੀ ਸ਼ਿਕਾਇਤ ਦਰਜ ਨਾ ਕੀਤੀ ਗਈ ਤਾਂ ਉਸ ਨੇ ਐੱਸਐੱਸਪੀ ਅੱਗੇ ਪੇਸ਼ ਹੋ ਕੇ ਸਾਰੀ ਘਟਨਾ ਬਿਆਨ ਕੀਤੀ। ਜਿਸ ਤੋਂ ਬਾਅਦ ਐਸਐਸਪੀ ਨੇ ਤੁਰੰਤ ਕਾਰਵਾਈ ਕਰਦਿਆਂ ਹਰੀਕੇ ਥਾਣੇ ਦੀ ਐਸਐਚਓ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਅਤੇ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।


COMMERCIAL BREAK
SCROLL TO CONTINUE READING

ਹਰੀਕੇ ਵਾਸੀ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਉਸ ਦੀ ਹਰੀਕੇ ਵਿੱਚ ਇਲੈਕਟ੍ਰੋਨਿਕ ਦੀ ਦੁਕਾਨ ਹੈ। 27 ਜਨਵਰੀ ਦੀ ਰਾਤ ਨੂੰ ਇੱਕ ਚੋਰ ਉਸਦੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਦੁਕਾਨ ਵਿੱਚ ਰੱਖੇ 30 ਦੇ ਕਰੀਬ ਮੋਬਾਈਲ ਚੋਰੀ ਕਰ ਲਏ ਸਨ। ਜਿਸ ਸਬੰਧੀ ਉਸ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਹਰੀਕੇ ਦੀ ਇੰਚਾਰਜ ਸ਼ਿਮਲਾ ਰਾਣੀ ਨੂੰ ਦਿੱਤੀ। ਸ਼ਿਮਲਾ ਰਾਣੀ ਇਹ ਕਹਿ ਕੇ ਟਾਲਦੀ ਰਹੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।


ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਚੋਰ ਦੀ ਪਛਾਣ ਕਰਨ ਲਈ ਆਸ-ਪਾਸ ਦੇ ਪਿੰਡਾਂ 'ਚ ਲੱਗੇ ਸੀ.ਸੀ.ਟੀ.ਵੀ 'ਚ ਕੈਦ ਹੋਈ ਫੋਟੋ ਦਿਖਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਨੇੜਲੇ ਪਿੰਡ ਮਰਹਾਣਾ ਦਾ ਵਸਨੀਕ ਹੈ। ਉਸ ਨੇ ਇਸ ਬਾਰੇ ਐੱਸਐੱਚਓ ਸ਼ਿਮਲਾ ਰਾਣੀ ਨੂੰ ਵੀ ਸੁਚਿਤ ਕੀਤਾ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਕੁਝ ਦਿਨਾਂ ਬਾਅਦ ਜਦੋਂ ਉਹ ਮੁੜ ਥਾਣੇ ਗਿਆ ਤਾਂ ਸ਼ਿਮਲਾ ਰਾਣੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ ਥਾਣੇ ਬੁਲਾਇਆ ਹੈ ਤੁਸੀਂ ਬੈਠ ਕੇ ਸਮਝੌਤਾ ਕਰਵਾ ਦੇਵਾਂਗੇ।


ਪੀੜਤ ਨੇ ਜਦੋਂ ਸ਼ਿਮਲਾ ਰਾਣੀ ਨੂੰ ਕਿਹਾ ਕਿ ਉਸ ਦੀ ਦੁਕਾਨ 'ਚ ਚੋਰੀ ਹੋਈ ਹੈ। ਰਾਜੀਨਾਮਾ ਕਿਸ ਗੱਲ ਦਾ ? ਇਸ ਤੋਂ ਬਾਅਦ ਪੀੜਤ ਨੇ ਐੱਸਐੱਸਪੀ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਦੱਸੀ। ਜਿਸ ਤੋਂ ਬਾਅਦ ਐਸਐਸਪੀ ਨੇ ਕਾਰਵਾਈ ਕਰਦਿਆਂ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਅਤੇ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।