Brampton Firing News: ਤਰਨਤਾਰਨ ਦੇ ਦੋ ਸਕੇ ਭਰਾਵਾਂ `ਤੇ ਕੈਨੇਡਾ `ਚ ਫਾਇਰਿੰਗ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Brampton Firing News: ਕੈਨੇਡਾ ਦੇ ਬਰੈਂਪਟਨ ਵਿੱਚ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ਉਤੇ ਕਾਰ ਸਵਾਰਾਂ ਨੇ ਤਾਬੜਤੋੜ ਗੋਲ਼ੀਆਂ ਦਿੱਤੀਆਂ।
Brampton Firing News: ਕੈਨੇਡਾ ਦੇ ਬਰੈਂਪਟਨ ਵਿੱਚ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ਉਤੇ ਕਾਰ ਸਵਾਰਾਂ ਨੇ ਤਾਬੜਤੋੜ ਗੋਲ਼ੀਆਂ ਦਿੱਤੀਆਂ। ਇਸ ਵਾਰਦਾਤ ਵਿੱਚ ਇੱਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਪ੍ਰਿਤਪਾਲ ਸਿੰਘ 7 ਮਹੀਨੇ ਪਹਿਲਾ ਹੀ ਆਪਣੇ ਵੱਡੇ ਭਰਾ ਖੁਸ਼ਵੰਤਪਾਲ ਸਿੰਘ ਦੇ ਕੋਲ ਬਰੈਂਪਟਨ ਵਿੱਚ ਗਿਆ ਸੀ।
ਪਿੰਡ ਨੰਦਪੁਰ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਦੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਰਹਿੰਦੇ ਆਪਣੇ ਦੋ ਨੌਜਵਾਨ ਪੁੱਤਰਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਪੁੱਤਰ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੈਨੇਡਾ ਦੇ ਬਰੈਂਪਟਨ ਵਿੱਚ ਵਾਪਰੀ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਖੁਸ਼ਵੰਤ ਪਾਲ ਸਿੰਘ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ ਅਤੇ 6 ਮਹੀਨੇ ਪਹਿਲਾਂ ਉਸ ਦਾ ਛੋਟਾ ਪੁੱਤਰ ਪ੍ਰਿਤਪਾਲ ਸਿੰਘ ਵੀ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਉੱਥੇ ਗਿਆ ਸੀ। ਸਵੇਰੇ ਉਸ ਨੂੰ ਫੋਨ ਕਰਨ 'ਤੇ ਉੱਥੇ ਰਹਿੰਦੇ ਉਸ ਦੇ ਦੋਸਤ ਨੇ ਦੱਸਿਆ ਕਿ ਘਰ ਦੇ ਬਾਹਰ ਆਪਣੀ ਕਾਰ ਤੋਂ ਬਰਫ ਸਾਫ ਕਰ ਰਹੇ ਦੋ ਭਰਾਵਾਂ 'ਤੇ ਕਾਰ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਖੁਸ਼ਵੰਤਪਾਲ ਸਿੰਘ ਹਸਪਤਾਲ 'ਚ ਦਾਖਲ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਮਕਾਨ 'ਤੇ ਉਸ ਦੇ ਬੇਟੇ ਕਿਰਾਏ 'ਤੇ ਰਹਿੰਦੇ ਸਨ, ਉਸ ਦੇ ਮਾਲਕ ਨੂੰ ਕਿਸੇ ਨੇ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਮਾਲਕ ਉਸ ਦੇ ਦੋਵੇਂ ਪੁੱਤਰਾਂ ਨੂੰ ਬਿਨਾਂ ਦੱਸੇ ਪਰਿਵਾਰ ਸਮੇਤ ਕਿਸੇ ਹੋਰ ਥਾਂ 'ਤੇ ਸ਼ਿਫਟ ਹੋ ਗਿਆ, ਜੇਕਰ ਉਹ ਪਹਿਲਾਂ ਹੀ ਸੂਚਿਤ ਕਰ ਦਿੰਦਾ ਤਾਂ ਸ਼ਾਇਦ ਉਸ ਦੇ ਦੋਵੇਂ ਪੁੱਤਰ ਸੁਚੇਤ ਹੋ ਜਾਂਦੇ ਅਤੇ ਅਜਿਹੀ ਘਟਨਾ ਨਾ ਵਾਪਰਦੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਇੱਥੇ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।