ਤੇਜਿੰਦਰਪਾਲ ਬੱਗਾ ਨੇ CM ਕੇਜਰੀਵਾਲ ਨੂੰ ਉਨ੍ਹਾਂ ਦੇ `ਬਾਇਓ-ਡੀਕੰਪੋਜ਼ਰ` ਦੀ ਕਰਵਾਈ ਯਾਦ
ਪਰਾਲੀ ਦੇ ਮੁੱਦੇ ’ਤੇ ਇੱਕ ਵਾਰ ਫੇਰ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ CM ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ।
ਚੰਡੀਗੜ੍ਹ: ਦਿੱਲੀ ਦੇ CM ਅਰਵਿੰਦ ਕੇਜਰੀਵਾਲ ’ਤੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਲਗਾਤਾਰ ਹਮਲਾਵਰ ਹੋ ਰਹੇ ਹਨ। ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਵਲੋਂ ਪਟਾਕਿਆਂ ’ਤੇ ਪਾਬੰਦੀ ਲਗਾਏ ਜਾਣ ’ਤੇ ਭਾਜਪਾ ਆਗੂ ਬੱਗਾ ਨੇ ਕੇਜਰੀਵਾਲ ਦੀ ਤੁਲਨਾ ਮੁਗਲ ਸ਼ਾਸ਼ਕ ਔਰੰਗਜ਼ੇਬ ਨਾਲ ਕੀਤੀ ਸੀ।
ਹੁਣ ਪਰਾਲੀ ਦੇ ਮੁੱਦੇ ’ਤੇ ਇੱਕ ਵਾਰ ਫੇਰ ਤੇਜਿੰਦਰਪਾਲ ਸਿੰਘ ਬੱਗਾ ਨੇ CM ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ।
CM ਕੇਜਰੀਵਾਲ ਨੇ ਪਰਾਲ਼ੀ ਦਾ ਹੱਲ ਲੱਭਣ ਦਾ ਕੀਤਾ ਸੀ ਦਾਅਵਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ CM ਅਰਵਿੰਦ ਕੇਜਰੀਵਾਲ (Arvind Kejriwal) ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਪਰਾਲ਼ੀ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ। ਦਿੱਲੀ ਸਰਕਾਰ ਨੇ ਪਰਾਲ਼ੀ ਨੂੰ ਗਾਲਣ ਲਈ ਬਾਇਓ-ਡੀਕੰਪੋਜ਼ਰ (bio-decomposer) ਦਾ ਪ੍ਰੀਖਣ ਕੀਤਾ ਸੀ, ਸਰਕਾਰ ਦੇ ਦੱਸਣ ਮੁਤਾਬਕ ਇਸਦੇ ਨਤੀਜੇ ਕਾਫ਼ੀ ਚੰਗੇ ਰਹੇ ਸਨ।
15 ਤੋਂ 20 ਦਿਨਾਂ ਦੇ ਅੰਦਰ ਪਰਾਲ਼ੀ ਖ਼ਾਦ ’ਚ ਹੋ ਜਾਂਦੀ ਹੈ ਤਬਦੀਲ
ਬਾਇਓ-ਡੀਕੰਪੋਜ਼ਰ ਬਾਰੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ, " ਜਿਸ ਤਰ੍ਹਾਂ ਦਿੱਲੀ ਦੇ ਕਿਸਾਨ ਆਪਣੇ ਖੇਤਾਂ ’ਚ ਬਾਇਓ-ਡੀਕੰਪੋਜ਼ਰ ਦਾ ਮੁਫ਼ਤ ਛਿੜਕਾਅ ਕਰ ਰਹੇ ਹਨ, ਹੋਰਨਾਂ ਰਾਜਾਂ ਦੇ ਕਿਸਾਨਾਂ ਨੂੰ ਵੀ ਇਹ ਦਵਾਈ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਬਾਇਓ-ਡੀਕੰਪੋਜ਼ਰ ਦੀ ਵਰਤੋਂ ਕਰਨ ਨਾਲ, ਪਰਾਲ਼ੀ ਪੂਰੀ ਤਰ੍ਹਾਂ ਗਲ਼ ਜਾਂਦੀ ਹੈ ਅਤੇ 15 ਤੋਂ 20 ਦਿਨਾਂ ਬਾਅਦ ਖ਼ਾਦ (turning into manure) ਦਾ ਰੂਪ ਧਾਰਨ ਕਰ ਲੈਂਦੀ ਹੈ।
ਹੁਣ ਇਸ ਬਾਇਓ-ਡੀਕੰਪੋਜ਼ਰ ਬਾਰੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਯਾਦ ਕਰਵਾਇਆ ਹੈ। ਬੱਗਾ ਨੇ ਹੁਣ ਪਰਾਲ਼ੀ ਦੀ ਸਮੱਸਿਆ ਦਾ ਹੱਲ ਕਰਨ ਲਈ ਬਾਇਓ-ਡੀਕੰਪੋਜ਼ਰ (bio-decomposer) ਦੀ ਮੰਗ ਕੀਤੀ ਹੈ।