Guard ਨੇ ਨਾਕਾਮ ਕੀਤੀ ਲੁੱਟ ਦੀ ਵਾਰਦਾਤ, ਇੱਕ ਲੁਟੇਰਾ ਮੌਕੇ ’ਤੇ ਢੇਰ, ਦੂਜਾ ਭੱਜਣ ’ਚ ਰਿਹਾ ਕਾਮਯਾਬ
ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਸਕਿਓਰਟੀ ਗਾਰਡ ਨੇ ਲੁਟੇਰਿਆਂ ਦੇ ਮਨਸੂਬਿਆਂ ’ਤੇ ਪਾਣੀ ਫ਼ੇਰ ਦਿੱਤਾ।
ਚੰਡੀਗੜ੍ਹ: ਪੰਜਾਬ ’ਚ ਲੁਟੇਰਿਆਂ ਵਲੋਂ ਬੇਖੌਫ਼ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਦੇ ਪੈਟਰੋਲ ਪੰਪ ’ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਸਕਿਓਰਟੀ ਗਾਰਡ ਨੇ ਲੁਟੇਰਿਆਂ ਦੇ ਮਨਸੂਬਿਆਂ ’ਤੇ ਪਾਣੀ ਫ਼ੇਰ ਦਿੱਤਾ।
ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ’ਚ ਸਥਿਤ ਪੈਟਰੋਲ ਪੰਪ ’ਤੇ ਰਾਤ ਤਕਰੀਬਨ 09:06 ’ਤੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਪਿੱਛੇ ਬੈਠਾ ਨੌਜਵਾਨ ਹੇਠਾਂ ਉਤਰਦਿਆਂ ਹੀ ਪਿਲਤੌਲ ਦੇ ਨੋਕ ’ਤੇ ਪੈਸੇ ਖੋਹਣ ਲੱਗਿਆ ਤਾਂ ਇੰਨੇ ’ਚ ਗਾਰਡ ਨੇ ਬੰਦੂਕ ਸਿੰਨ੍ਹ ਲਈ।
ਗਾਰਡ ਨੇ ਫ਼ੁਰਤੀ ਵਿਖਾਉਂਦਿਆਂ ਲੁਟੇਰੇ ਤੋਂ ਪਹਿਲਾਂ ਕੀਤਾ ਫ਼ਾਇਰ
ਜਿਵੇਂ ਹੀ ਲੁਟੇਰਾ ਗੋਲੀ ਚਲਾਉਣ ਦੀ ਧਮਕੀ ਦੇਣ ਲੱਗਿਆ ਤਾਂ ਗਾਰਡ ਨੇ ਬਿਨਾਂ ਸਮਾਂ ਗਵਾਏ ਗੋਲੀ ਚਲਾ ਦਿੱਤੀ। ਜਦੋਂ ਲੁਟੇਰੇ ਨੇ ਜਖ਼ਮੀ ਹੋਣ ਦੇ ਬਾਵਜੂਦ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗਾਰਡ ਨੇ ਦੂਜਾ ਫ਼ਾਇਰ ਵੀ ਕਰ ਦਿੱਤਾ। ਦੋਹਾਂ ’ਚੋਂ ਇੱਕ ਲੁਟੇਰਾ ਤਾਂ ਮੌਕੇ ’ਤੇ ਹੀ ਢੇਰ ਹੋ ਗਿਆ ਜਦਕਿ ਮੋਟਰਸਾਈਕਲ ’ਤੇ ਸਵਾਰ ਦੂਜਾ ਲੁਟੇਰਾ ਮੌਕੇ ਦਾ ਫ਼ਾਇਦਾ ਚੁੱਕਦਿਆਂ ਉਥੋਂ ਫ਼ਰਾਰ ਹੋ ਗਿਆ।
ਮ੍ਰਿਤਕ ਲੁਟੇਰੇ ਦੇ ਦੂਜੇ ਸਾਥੀ ਦੀ ਕੀਤੀ ਜਾ ਰਹੀ ਭਾਲ
ਲੁੱਟ ਦੀ ਸਾਰੀ ਵਾਰਦਾਤ ਪੰਪ ’ਤੇ ਲੱਗੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਵਾਰਦਾਤ ਪਿਛੋਂ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਲੁਟੇਰੇ ਦੇ ਦੂਜੇ ਸਾਥੀ ਦੀ ਵੀ ਭਾਲ ਕੀਤੀ ਜਾ ਰਹੀ ਹੈ।
1 ਮਹੀਨੇ ’ਚ ਲੁੱਟ ਦੀ ਦੂਜੀ ਵਾਰਦਾਤ
ਇੱਥੇ ਦੱਸ ਦੇਈਏ ਕਿ ਹਾਈਵੇਅ ’ਤੇ ਮੌਜੂਦ ਇਹ ਪੈਟਰੋਲ ਪੰਪ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ 14 ਅਕਤੂਬਰ ਨੂੰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਬੰਦੂਕ ਦੀ ਨੋਕ ’ਤੇ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ, ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੰਪ ਦੇ ਮਾਲਕਾਂ ਵਲੋਂ ਸੁਰੱਖਿਆ ਗਾਰਡ ਦੀ ਤੈਨਾਤੀ ਕੀਤੀ ਗਈ ਸੀ।