ਮਲੇਰਕੋਟਲਾ ’ਚ ਐਤਵਾਰ ਨੂੰ ਹੋਏ MC ਮੁਹੰਮਦ ਅਕਬਰ ਦੇ ਕਤਲ ਦੀ ਗੁੱਥੀ ਸੁਲਝੀ
ਪਟਿਆਲਾ ਰੇਂਜ ਦੇ ਆਈਜੀ (IG) ਮੁਖਵਿੰਦਰ ਸਿੰਘ ਛੀਨਾ ਤੇ ਐੱਸਐੱਸਪੀ ਅਵਨੀਤ ਕੌਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਮਲੇਰਕੋਟਲਾ ’ਚ ਹੋਏ ਕੌਂਸਲਰ ਭੋਲੀ ਦੇ ਕਤਲ ਨੂੰ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ।
ਚੰਡੀਗੜ: ਜੁਲਾਈ ਮਹੀਨੇ ਦੇ ਆਖ਼ਰੀ ਦਿਨ MC ਮੁਹੰਮਦ ਅਕਬਰ ਉਰਫ਼ ਭੋਲੀ ਦੀ ਮਲੇਰਕੋਟਲਾ ’ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪਟਿਆਲਾ ਰੇਂਜ ਦੇ ਆਈਜੀ (IG) ਮੁਖਵਿੰਦਰ ਸਿੰਘ ਛੀਨਾ ਤੇ ਐੱਸਐੱਸਪੀ ਅਵਨੀਤ ਕੌਰ ਵਲੋਂ ਪ੍ਰੈਸ ਕਾਨਫ਼ਰੰਸ ਕਰ ਇਸ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਪੈਸਿਆਂ ਦਾ ਲੈਣ-ਦੇਣ ਬਣਿਆ ਕਤਲ ਦੀ ਵਜ੍ਹਾ
ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ (IG) ਮੁਖਵਿੰਦਰ ਸਿੰਘ ਛੀਨਾ ਤੇ ਐੱਸਐੱਸਪੀ ਅਵਨੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਮੁਹੰਮਦ ਅਕਬਰ ਉਰਫ਼ ਭੋਲੀ ਨੇ ਸ਼ਹਿਰ ਦੇ ਗਰੇਵਾਲ ਚੌਂਕ ’ਚ ਵਸੀਮ ਇਕਬਾਲ ਉਰਫ਼ ਸੋਨੀ ਨੂੰ ਪਿਛਲੇ 13-14 ਸਾਲਾਂ ਤੋਂ ਇੱਕ ਦੁਕਾਨ ਕਿਰਾਏ ’ਤੇ ਦਿੱਤੀ ਹੋਈ ਸੀ। ਵਸੀਮ ਇਕਬਾਲ ਉੱਥੇ ਸੋਨੀ ਆਟੋ ਡੀਲਰ ਦੇ ਨਾਮ ’ਤੇ ਮੋਟਰਸਾਈਕਲ ਵੇਚਣ ਖਰੀਦਣ ਦਾ ਕੰਮ ਕਰਦਾ ਸੀ।
20 ਲੱਖ ’ਚ ਤੈਅ ਹੋਇਆ ਸੀ ਸੌਦਾ
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਕਤਲ ਕਾਂਡ ਦੇ ਸਾਜਿਸ਼ਕਰਤਾ ਵਸੀਮ ਇਕਬਾਲ ਨੇ ਕੌਂਸਲਰ ਦੇ ਢਾਈ ਕਰੋੜ ਰੁਪਏ ਦੱਬਣ ਦੇ ਇਰਾਦੇ ਨਾਲ ਆਪਣੇ ਸਾਲੇ ਮੁਹੰਮਦ ਆਸਿਫ਼ ਨਾਲ ਮਿਲਕੇ 20 ਲੱਖ ’ਚ ਕੌਂਸਲਰ ਨੂੰ ਮਾਰਨ ਦਾ ਸੌਦਾ ਤੈਅ ਕੀਤਾ ਸੀ। ਵਸੀਮ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੁਝ ਦਿਨ ਪਹਿਲਾਂ ਉੱਤਰਪ੍ਰਦੇਸ਼ (ਯੂਪੀ) ਤੋਂ ਦੇਸੀ ਪਿਸਤੌਲ ਖ਼ਰੀਦ ਕੇ ਲਿਆਂਦਾ ਸੀ। ਐਤਵਾਰ ਵਾਲੇ ਦਿਨ ਸੋਨੀ ਨੇ ਆਪਣੇ ਸਾਲੇ ਮੁਹੰਮਦ ਆਸਿਫ਼ ਤੇ ਉਸਦੇ ਸਾਥੀ ਮਹੁੰਮਦ ਮੁਰਸ਼ਦ ਨੂੰ ਪਿਸਤੌਲ ਤੇ ਰੌਂਦਾ ਸਣੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਆਪਣੀ ਦੁਕਾਨ ਤੋਂ ਭੇਜਿਆ ਸੀ।
ਵਾਰਦਾਤ ਤੋਂ ਬਾਅਦ ਕਾਤਲਾਂ ਨੂੰ ਮਿਲੇ ਸਿਰਫ਼ 27 ਹਜ਼ਾਰ
ਦੋਹਾਂ ਸ਼ੂਟਰਾਂ ਨੇ ਮੋਟਰਸਾਈਕਲ ਮਲੇਰਟੋਕਲਾ-ਲੁਧਿਆਣਾ ਰੋਡ ’ਤੇ ਖੜ੍ਹਾ ਕੀਤਾ ਤੇ ਪੈਦਲ ਹੀ ਮੁਹੰਮਦ ਅਕਬਰ ਭੋਲੀ ਦੇ ਜਿੰਮ ’ਚ ਚਲੇ ਗਏ, ਜਿੱਥੇ ਉਨ੍ਹਾਂ ਦੋਹਾਂ ਨੇ ਭੋਲੀ ਨੂੰ ਨੇੜਿਓਂ ਗੋਲੀ ਮਾਰੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਸੀਮ ਇਕਬਾਲ ਦੇ ਘਰ ਗਏ। ਜਿਥੇ ਦੋਹਾਂ ਨੂੰ ਸੋਨੀ ਨੇ 27 ਹਜ਼ਾਰ ਦਿੱਤੇ ਅਤੇ ਬਾਕੀ ਦੀ ਰਕਮ ਬਾਅਦ ’ਚ ਦੇਣ ਦਾ ਵਾਅਦਾ ਕਰਕੇ ਭੇਜ ਦਿੱਤਾ।
ਕਤਲ ਦੀ ਵਾਰਦਾਤ ਨੂੰ ਸੁਲਝਾਉਂਦਿਆ ਮਲੇਰਕੋਟਲਾ ਪੁਲਿਸ ਨੇ ਦੋਵੇਂ ਸ਼ੂਟਰਾਂ ਮੁਹੰਮਦ ਆਸਿਫ਼ ਤੇ ਮੁਹੰਮਦ ਮੁਰਸ਼ਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਦੁਆਰਾ ਇਨ੍ਹਾਂ ਸ਼ੂਟਰਾਂ ਕੋਲੋਂ ਕਤਲ ਲਈ ਵਰਤਿਆ ਗਿਆ ਦੇਸੀ ਪਿਸਤੌਲ, ਚਾਰ ਜਿੰਦਾ ਕਾਰਤੂਸ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।