ਬਿਮਲ ਸ਼ਰਮਾ/ ਅਨੰਦਪੁਰ ਸਾਹਿਬ: ਖ਼ਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਅੱਜ ਕੱਲ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਲੱਗਭੱਗ 8 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੂਰੇ ਸ਼ਹਿਰ ਵਿਚ ਜ਼ਮੀਨ ਪੱਟ ਕੇ ਵੱਡੀਆਂ ਪਾਈਪਾਂ ਪਈਆਂ ਜਾ ਰਹੀਆਂ ਹਨ ਮਗਰ ਜੇ. ਸੀ. ਬੀ. ਨਾਲ ਜ਼ਮੀਨ ਦੀ ਖੁਦਾਈ ਕਰਨ ਸਮੇਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਟੁੱਟਣ ਕਰਕੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਤੇ ਘਰਾਂ ਤਕ ਪਹੁੰਚ ਰਿਹਾ ਹੈ। ਲੋਕਾਂ ਮੁਤਾਬਿਕ ਇਹ ਦੂਸ਼ਿਤ ਪਾਣੀ ਪੀਣ ਕਰਕੇ ਸ਼ਹਿਰ ਦੇ ਹਰ ਘਰ ਵਿੱਚ ਇੱਕ ਦੋ ਮਰੀਜ ਪੀਲੀਆ ਤੇ ਡਾਇਰੀਏ ਦੇ ਸ਼ਿਕਾਰ ਹੋ ਰਹੇ ਹਨ । ਓਧਰ ਐਸ. ਡੀ. ਐਮ. ਮੁਤਾਬਿਕ ਸੀਵਰੇਜ ਪਾਉਣ ਦਾ ਕੰਮ 30 ਜੂਨ ਤੱਕ ਮੁਕੰਮਲ ਹੋਣ ਸੀ ਮਗਰ ਬਰਸਾਤ ਕਾਰਨ ਨਹੀਂ ਹੋ ਪਾਇਆ ਤੇ ਪਾਣੀ ਦੇ ਸੈਂਪਲ ਲਏ ਗਏ।


COMMERCIAL BREAK
SCROLL TO CONTINUE READING

 



 


50 ਸਾਲ ਪਏ ਸੀ ਸੀਵਰੇਜ ਪਾਈਪ


ਧਾਰਮਿਕ ਨਗਰੀ ਅਨੰਦਪੁਰ ਸਾਹਿਬ ਵਿਚ 50 ਸਾਲ ਪਹਿਲਾਂ ਸੀਵਰੇਜ ਦੇ ਪਾਇਪ ਪਾਏ ਗਏ ਸਨ ਤੇ ਉਦੋਂ ਦੀ ਅਬਾਦੀ ਦੇ ਹਿਸਾਬ ਨਾਲ ਬਹੁਤ ਛੋਟੇ ਪਾਇਪ ਪਾ ਕੇ ਬੁੱਤਾ ਸਾਰ ਲਿਆ ਗਿਆ ਸੀ। ਸ਼ਹਿਰ ਦੀ ਅਬਾਦੀ ਵਧੀ ਤੇ ਜਿਸ ਕਾਰਨ ਸੀਵਰੇਜ ਓਵਰ ਫਲੋ ਹੋ ਕੇ ਗੰਦਗੀ ਖਿਲਾਰਨ ਲੱਗੇ ।


 



 


ਸੀਵਰੇਜ ਦੇ ਵੱਡੇ ਪਾਇਪ ਪਾਉਣ ਲਈ ਕੰਮ ਸ਼ੁਰੂ ਕਰਵਾਇਆ ਜੋ ਅੱਜ ਸ਼ਹਿਰਵਾਸੀਆਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਪੂਰਾ ਸ਼ਹਿਰ ਪੁੱਟ ਕੇ ਸੁੱਟ ਦਿੱਤਾ ਗਿਆ ਹੈ। ਮੇਨ ਰੋਡ , ਨਵੀਂ ਅਬਾਦੀ , ਭਗਤ ਰਵਿਦਾਸ ਚੌਂਕ, ਕਚਿਹਰੀ ਰੋਡ , ਮੁਹੱਲਾ ਫਤਿਹਗੜ ਸਾਹਿਬ , ਚੋਈ ਬਜਾਰ ਆਦਿ ਸ਼ਹਿਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਬਚਿਆ , ਜਿੱਥੇ ਪੁਟਾਈ ਨਾ ਕੀਤੀ ਗਈ ਹੋਵੇ। ਚਲੋ ਮੰਨਿਆ ਕਿ ਸੀਵਰੇਜ ਦੇ ਪਾਇਪ ਹਵਾ ਵਿੱਚ ਨਹੀਂ ਪਾਏ ਜਾ ਸਕਦੇ, ਜਮੀਨ ਪੁੱਟਣੀ ਜਰੂਰੀ ਹੈ। ਜਿਹੜਾ ਕੰਮ ਜੂਨ ਮਹੀਨੇ ਵਿਚ ਖਤਮ ਹੋਣਾ ਚਾਹੀਦਾ ਸੀ ਉਹ ਅੱਜ ਵੀ ਜਾਰੀ ਹੈ ਸਿਰਫ ਪੁਟਾਈ ਹੋ ਰਹੀ ਹੈ, ਰੀਪੇਅਰ ਦਾ ਕੰਮ ਕਰਨਾ ਜਰੂਰੀ ਨਹੀਂ ਸਮਝਿਆ ਜਾ ਰਿਹਾ।


 



 


ਸੀਵਰੇਜ ਦੇ ਪਾਈਪ ਪਾਉਣ ਕਾਰਨ ਪਾਣੀ ਵਾਲੇ ਪਾਈਪ ਟੁੱਟ ਰਹੇ ਹਨ ਤੇ ਸੀਵਰੇਜ ਦਾ ਗੰਦ ਪਾਣੀ ਵਾਲੇ ਪਾਈਪਾਂ ਵਿਚ ਜਾ ਰਿਹਾ ਹੈ, ਜਿਸ ਨੂੰ ਪੀ ਕੇ ਸ਼ਹਿਰਵਾਸੀ ਲੀਵਰ ਦੀ ਖਰਾਬੀ ਤੇ ਪੀਲੀਏ ਤੋਂ ਗ੍ਰਸਤ ਹਸਪਤਾਲਾਂ ਚ’ ਧੱਕੇ ਖਾਣ ਲਈ ਮਜਬੂਰ ਹਨ ਮਹਿਕਮਾ ਵਾਟਰ ਸਪਲਾਈ ਗੂੜੀ ਨੀਂਦਰੇ ਸੁੱਤਾ ਪਿਆ ਹੈ। ਦੋ ਕੁ ਦਿਨਾਂ ਪਹਿਲਾਂ ਜਦੋਂ ਕਚਿਹਰੀ ਰੋਡ ਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਪਾਈਪ ਵਿੱਚ ਜਾਣ ਦੀ ਸ਼ਿਕਾਇਤ ਮਹਿਕਮਾ ਵਾਟਰ ਸਪਲਾਈ ਨੂੰ ਕੀਤੀ ਤਾਂ ਮੁਲਾਜਮ ਆਏ ਤੇ ਇਹ ਕਹਿ ਕੇ ਵਾਪਸ ਚਲੇ ਗਏ ਕਿ ਇਹ ਪ੍ਰਾਈਵੇਟ ਕੁਨੈਕਸ਼ਨ ਵਾਲੀਆਂ ਪਾਈਪਾਂ ਹਨ ਤੇ ਇਸਦੀ ਰਿਪੇਅਰ ਮਾਲਕਾਂ ਨੂੰ ਆਪ ਕਰਵਾਉਣੀ ਪਵੇਗੀ। ਬਰਸਾਤਾਂ ਸ਼ੁਰੂ ਹੋਣ ਕਾਰਨ ਕੰਮ ਲਗਭਗ ਬੰਦ ਹੋ ਚੁੱਕਾ ਹੈ ਸ਼ਹਿਰ ਵਾਸੀ ਕਦੋਂ ਤੱਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋਣਗੇ ਤੇ ਸੀਵਰੇਜ ਮਿਕਸ ਪਾਣੀ ਪੀ ਕੇ ਕਦੋਂ ਤੱਕ ਬੀਮਾਰ ਹੁੰਦੇ ਰਹਿਣਗੇ। ਗੁਰੁ ਨਗਰੀ ਗੁਰੁ ਆਸਰੇ ਹੀ ਚੱਲ ਰਹੀ ਹੈ।


 


ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰਵਾਸੀਆਂ ਦੀ ਮੁਸ਼ਕਿਲ ਸੰਬੰਧੀ ਜਦੋਂ ਐਸ.ਡੀ.ਐਮ ਮਨੀਸ਼ਾ ਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ। ਪਾਣੀ ਦੇ ਸੈਂਪਲ ਲੈ ਕੇ ਲੈਬੋਰਟੀ ਵਿਚ ਭੇਜੇ ਜਾ ਚੁੱਕੇ ਹਨ ਇਕ ਦੋ ਦਿਨ ਵਿੱਚ ਰਿਪੋਰਟ ਆ ਜਾਵੇਗੀ ਤੇ ਇਸ ਮਸਲੇ ਦਾ ਹੱਲ ਕਰ ਲਿਆ ਜਾਵੇਗਾ।


 


WATCH LIVE TV