ਚੰਡੀਗੜ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬੇਇਨਸਾਫ਼ੀ ਅਤੇ ਪੱਖਪਾਤ ਨਾਲ ਸਬੰਧਤ ਮਸਲਿਆਂ ਦਾ ਠੋਸ ਹੱਲ ਨਾ ਕਰਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.), ਈ.ਟੀ.ਟੀ. ਟੈੱਟ ਪਾਸ ਅਧਿਆਪਕ ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਵਲੋਂ ਦਿਵਾਲੀ ਮੌਕੇ 23 ਅਕਤੂਬਰ ਨੂੰ 9 ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।


COMMERCIAL BREAK
SCROLL TO CONTINUE READING

 


ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈਟੀਟੀ ਦੇ ਪ੍ਰਧਾਨ ਕਮਲ ਠਾਕੁਰ ਅਤੇ ਓਡੀਐੱਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਵਿਭਾਗ ਦੀ ਅਫ਼ਸਰਸ਼ਾਹੀ ਸਮੇਤ ਪੈਨਲ ਮੀਟਿੰਗ ਕਰਕੇ ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਦੀ ਪੇਂਟਿੰਗ ਰੈਗੂਲਰ ਆਰਡਰ ਅਤੇ 180 ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਤਸੱਲੀਬਖ਼ਸ਼ ਜਵਾਬ ਦੇਣ ਦੀ ਥਾਂ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ। ਜਦ ਕਿ ਜਥੇਬੰਦੀਆਂ ਵੱਲੋਂ ਓ.ਡੀ.ਐੱਲ. ਅਧਿਆਪਕਾਂ ਦੇ 11-11 ਸਾਲ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈਟੀਟੀ ਅਧਿਆਪਕਾਂ 'ਤੇ ਮੂਲ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਕਰਨ ਸਬੰਧੀ 'ਮੰਗ ਪੱਤਰ' ਪਹਿਲਾਂ ਹੀ ਸਮੁੱਚੇ ਜ਼ਿਲ੍ਹਾ ਕੇਂਦਰਾਂ ਤੋਂ ਭੇਜੇ ਜਾ ਚੁੱਕੇ ਹਨ।


 


ਆਗੂਆਂ ਨੇ ਸਿੱਖਿਆ ਮੰਤਰੀ ਵੱਲੋਂ ਵਿਭਾਗ ਦੇ ਮਸਲਿਆਂ ਦਾ ਹਕੀਕੀ ਹੱਲ ਕਰਨ ਦੀ ਥਾਂ ਧਮਕੀਆਂ ਰਾਹੀਂ ਧਰਨਾ ਮੁਕਤ ਕਰਨ ਦੇ ਗ਼ੈਰ ਜਮਹੂਰੀ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਹੈ। ਸੰਘਰਸ਼ ਨੂੰ ਤੇਜ਼ ਕਰਨ ਦੇ ਫ਼ੈਸਲੇ ਤਹਿਤ 23 ਅਕਤੂਬਰ ਨੂੰ ਦੀਵਾਲੀ ਮੌਕੇ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਰੋਸ ਦਿਵਸ ਤਹਿਤ ਸੰਗਰੂਰ ਵਿਖੇ ਹਰਪਾਲ ਸਿੰਘ ਚੀਮਾ, ਬਰਨਾਲਾ ਵਿਖੇ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਵਿਖੇ ਇੰਦਰਬੀਰ ਸਿੰਘ ਨਿੱਝਰ, ਸਮਾਣਾ ਵਿਖੇ ਚੇਤਨ ਸਿੰਘ ਜੌਡ਼ਾਮਾਜਰਾ, ਗੰਭੀਰਪੁਰ (ਆਨੰਦਪੁਰ ਸਾਹਿਬ) ਵਿਖੇ ਹਰਜੋਤ ਸਿੰਘ ਬੈਂਸ, ਹੁਸ਼ਿਆਰਪੁਰ ਵਿਖੇ ਬ੍ਰਹਮਸ਼ੰਕਰ ਜਿੰਪਾ, ਮਲੋਟ ਵਿਖੇ ਡਾ. ਬਲਜੀਤ ਕੌਰ, ਗੁਰੂ ਹਰਸਹਾਏ ਵਿਖੇ ਫੌਜਾ ਸਿੰਘ ਸ਼ਰਾਰੀ ਦੀ ਅਤੇ ਪਿੰਡ ਕਟਾਰੂਚੱਕ (ਪਠਾਨਕੋਟ) ਵਿਖੇ ਲਾਲ ਚੰਦ ਕਟਾਰੂਚੱਕ ਦੇ ਘਰਾਂ ਮੂਹਰੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।


 


ਇਸ ਉਪਰੰਤ ਵੀਂ ਮਸਲਿਆਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 6 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹਜਾਰਾਂ ਦੀ ਸ਼ਮੂਲੀਅਤ ਵਾਲੀ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਦਾ ਕੀਤਾ ਜਾਵੇਗਾ।