Punjab News: ਪਿੰਡ ਸਿੰਘੇਵਾਲਾ ਫੱਤੂਹੀ ਵਾਲਾ ਦੀ ਵਿਧਵਾ ਔਰਤ ਦੇ ਦੋ ਪੁੱਤ ਨਸ਼ੇ ਦੇ ਦੈਂਤ ਨੇ ਨਿਗਲੇ, ਤੀਜੇ ਨੂੰ ਵੀ ਨਸ਼ੇ ਦੀ ਲਤ
Punjab News: ਨਸ਼ੇ ਦੀ ਲਤ ਕਾਰਨ ਇੱਕ ਵਿਧਵਾ ਔਰਤ ਦੇ ਦੋ ਨੌਜਵਾਨ ਪੁੱਤਰ ਮੌਤ ਦੋ ਮੂੰਹ ਵਿੱਚ ਚਲੇ ਗਏ ਹਨ ਜਦਕਿ ਤੀਜਾ ਵੀ ਨਸ਼ੇ ਕਾਰਨ ਮੰਜੀ ਉਪਰ ਪਿਆ ਹੈ।
Punjab News: ਨਸ਼ੇ ਦੀ ਦਲਦਲ ਵਿੱਚ ਧਸੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਸ਼ੇ ਦੇ ਦੈਂਤ ਕਾਰਨ ਲੋਕਾਂ ਦੇ ਹੱਸਦੇ-ਵੱਸਦੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਫੱਤੂਹੀ ਵਾਲਾ ਦੀ ਇੱਕ ਵਿਧਵਾ ਔਰਤ ਦੇ ਦੋ ਪੁੱਤਾਂ ਦੀ ਮੌਤ ਤੇ ਤੀਜਾ ਨਸ਼ੇ ਦੀ ਲਤ ਕਾਰਨ ਮੰਜੀ ਉਤੇ ਪਿਆ ਹੈ। ਇਸ ਕਰਕੇ ਪਿੰਡਾਂ ਤੇ ਰਿਸ਼ਤੇਦਾਰਾਂ ਵਿੱਚ ਮਾਤਮ ਛਾਇਆ ਹੋਇਆ।
ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਪਿੰਡ ਵਿੱਚ ਹੀ ਨਸ਼ੇ ਦੇ ਟੀਕੇ ਲਾਉਣ ਵਾਲਿਆਂ ਦੀਆਂ ਮੌਕੇ ਉਤੇ ਸੂਈਆਂ ਸਰਿੰਜਾਂ ਫੜ ਕੇ ਪੱਤਰਕਾਰਾਂ ਨੂੰ ਵਿਖਾਈਆਂ ਅਤੇ ਕਿਹਾ ਨਸ਼ਾ ਨਜ਼ਦੀਕੀ ਸ਼ਹਿਰ ਡੱਬਵਾਲੀ ਤੋਂ ਆਉਂਦਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਨੇ ਪੱਤਰਕਾਰਾਂ ਰਾਹੀਂ ਮੰਗ ਕੀਤੀ ਕਿ ਸਰਕਾਰਾਂ ਨਸ਼ੇ ਦੇ ਦਰਿਆਂ ਨੂੰ ਠੱਲ ਪਾਉਣ ਤਾਂ ਜੋ ਮਾਵਾਂ ਦੇ ਨੌਜਵਾਨ ਸਿਵਿਆਂ ਦੇ ਰਾਹ ਨਾ ਪੈਣ। ਰਿਸ਼ਤੇਦਾਰ ਨੇ ਕਿਹਾ ਸੱਠ ਸੱਤਰ ਨੌਜਵਾਨ ਇਸ ਪਿੰਡ ਵਿੱਚ ਹੀ ਨਸ਼ੇ ਦੀ ਲਪੇਟ ਵਿੱਚ ਹਨ।
ਬੇਹੱਦ ਦੁਖੀ ਮਾਂ ਨੇ ਦੱਸਿਆ ਕਿ ਉਸਦੇ ਦੋ ਨੌਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਚੁਕੇ ਹਨ ਅਤੇ ਤੀਜਾ ਵੀ ਨਸ਼ੇ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਕਰਕੇ ਉਹ ਹੁਣ ਇਕੱਲੀ ਰਹਿ ਗਈ ਹੈ ਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੱਧਰ ਨੂੰ ਜਾਵੇ। ਔਰਤ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੋ ਪੁੱਤਰ ਇਸ ਜਹਾਨ ਤੋਂ ਚਲੇ ਗਏ ਤੇ ਉਹ ਖੁਦ ਦਿਹਾੜੀ ਕਰਕੇ ਆਪਣਾ ਟਾਇਮ ਲੰਘਾਉਂਦੀ ਹੈ।
ਵਿਧਵਾ ਔਰਤ ਨੇ ਸਹਾਇਤਾ ਦੀ ਵੀ ਮੰਗ ਕੀਤੀ। ਨਸ਼ਿਆਂ ਦੇ ਵਿਰੁੱਧ ਸਾਂਝੇ ਤੌਰ ਉਤੇ ਰੋਸ ਮਾਰਚ ਕੱਢ ਰਹੇ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਇਸ ਔਰਤ ਦਾ ਪਹਿਲਾ ਪਤੀ ਨਸ਼ੇ ਨਾਲ ਜਹਾਨੋ ਤੁਰ ਗਿਆਅਤੇ ਦੋ ਪੁੱਤ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਜਦਕਿ ਤੀਜਾ ਮੁੰਡਾ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਹੈ। ਪਹਿਲਾਂ 20 ਸਾਲ ਦਾ ਨੌਜਵਾਨ ਤੇ ਫਿਰ 19 ਸਾਲ ਦਾ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਕੇ ਆਪਣੀ ਜਾਨ ਗੁਆ ਚੁੱਕੇ ਹਨ।
ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਘਰ ਦਾ ਇੱਕ ਹੋਰ ਨੌਜਵਾਨ ਨਸ਼ਾ ਛੁਡਾਉਣ ਲਈ ਹਸਪਤਾਲ ਵੀ ਦਾਖ਼ਲ ਹੈ। ਆਗੂਆਂ ਨੇ ਆਖਿਆ ਕਿ ਨੌਜਵਾਨ ਬੇਰੁਜ਼ਗਾਰੀ ਕਰਕੇ ਕੁਰਾਹੇ ਪੈ ਰਹੇ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਇਲਾਵਾ ਹੁਣ ਵਾਲੀ ਸਰਕਾਰ ਵੀ ਨਸ਼ਿਆਂ ਲਈ ਵਧੇਰੇ ਜ਼ਿੰਮੇਵਾਰ ਹੈ। ਪਿੰਡ ਵਾਸੀਆਂ ਵੱਲੋਂ ਦੋਹਾਂ ਪਿੰਡਾਂ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਤੋਂ ਨਸ਼ਿਆਂ ਉਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਫੜੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਕਿ ਉਹ ਕੁਰਾਹੇ ਨਾ ਪੈਣ।
ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ