Faridkot News: ਸਰਬਸੰਮਤੀ ਨਾਲ ਚੁਣਿਆ ਸਰਪੰਚ; ਪੁਲਿਸ ਨੇ ਗੁਰਮੁੱਖ ਸਿੰਘ ਖਿਲਾਫ਼ ਕੀਤਾ ਮਾਮਲਾ ਦਰਜ
Faridkot News: ਪੰਚਾਇਤੀ ਚੋਣਾਂ ਦੌਰਾਨ ਫ਼ਰੀਦਕੋਟ ਦਾ ਪਿੰਡ ਬਹਿਬਲ ਕਲਾਂ ਚਰਚਾ ਵਿੱਚ ਆਇਆ ਜਦੋਂ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਵੱਲੋਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ।
Faridkot News: ਪੰਚਾਇਤੀ ਚੋਣਾਂ ਦੌਰਾਨ ਫ਼ਰੀਦਕੋਟ ਦਾ ਪਿੰਡ ਬਹਿਬਲ ਕਲਾਂ ਚਰਚਾ ਵਿੱਚ ਆਇਆ ਜਦੋਂ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਵੱਲੋਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ। ਇਸ ਦੇ ਪਿੱਛੇ ਸ਼ੰਕਾ ਜ਼ਾਹਰ ਕੀਤਾ ਗਿਆ ਸੀ ਕਿ ਗੈਂਗਸਟਰ ਸਿੰਮਾ ਬਹਿਬਲ ਦੇ ਡਰ ਦੇ ਚੱਲਦੇ ਕਿਸੇ ਵੱਲੋਂ ਕਾਗਜ਼ ਦਾਖ਼ਲ ਨਹੀਂ ਕੀਤੇ ਗਏ ਕਿਉਂਕਿ ਸਿੰਮਾ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ ਸੀ।
ਇਸ ਲਈ ਲਗਭਗ ਸਾਰੇ ਕਾਰਜ ਪੂਰੇ ਕਰ ਪੰਚਾਇਤ ਸਰਪੰਚ ਤੇ ਪੰਚਾਂ ਦੀ ਚੋਣ ਵੀ ਕਰ ਲਈ ਗਈ ਸੀ ਪਰ ਇਸੇ ਵਿਚਕਾਰ ਸਿੰਮਾ ਬਹਿਬਲ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਇਸ ਤੋਂ ਬਾਅਦ ਸਿੰਮਾ ਬਹਿਬਲ ਤੇ ਉਸਦਾ ਪਿਤਾ ਗੁਰਮੁਖ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ ਸਨ ਤੇ ਪੁਲਿਸ ਵੱਲੋਂ ਸਿੰਮਾ ਉਸਦੇ ਪਿਤਾ ਤੇ 9 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦੋ ਵਿਅਕਤੀਆਂ ਨੂੰ ਕਾਬੂ ਕਰ ਇੱਕ ਰਾਈਫਲ, 30 ਤੋਂ ਜ਼ਿਆਦਾ ਰੌਂਦ, ਕੁੱਝ ਨਕਦੀ ਅਤੇ ਦੋ ਗੱਡੀਆਂ ਕਬਜ਼ੇ ਵਿੱਚ ਲਈਆਂ ਗਈਆਂ ਸਨ।
ਕੱਲ੍ਹ ਸਿੰਮਾ ਬਹਿਬਲ ਵੱਲੋਂ ਆਪਣੇ ਪਿਤਾ ਨੂੰ ਵੀਡੀਓ ਕਾਲ ਕਰਕੇ ਪੁਲਿਸ ਮੁਕਾਬਲੇ ਵਿੱਚ ਉਨ੍ਹਾਂ ਨੂੰ ਮਾਰੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਨਾਲ ਹੀ ਜੈਤੋ ਦੇ ਵਿਧਾਇਕ ਉਤੇ ਕਥਿਤ ਇਲਜ਼ਾਮ ਲਗਾਏ ਸਨ ਕਿ ਉਸ ਵੱਲੋਂ 25 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਗੁਰਮੁੱਖ ਸਿੰਘ ਨੂੰ ਸਰਪੰਚ ਚੁਣਨ ਅਤੇ ਅੱਜ ਪਿੰਡ ਬਹਿਬਲ ਦੇ ਵਸਨੀਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਐਸਐਸਪੀ ਫ਼ਰੀਦਕੋਟ ਨੂੰ ਮਿਲੇ ਜਿਥੇ ਉਨ੍ਹਾਂ ਵੱਲੋਂ ਸਿੰਮਾ ਬਹਿਬਲ ਦੇ ਪਿਤਾ ਜਿਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਉਸ ਖਿਲਾਫ਼ ਦਰਜ ਮਾਮਲਾ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਰੇ ਪਿੰਡ ਵੱਲੋਂ ਗੁਰਮੁੱਖ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਪਰ ਪਤਾ ਨਹੀਂ ਅਚਾਨਕ ਕੀ ਹੋਇਆ ਜੋ ਗੁਰਮੁੱਖ ਸਿੰਘ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਅੱਜ ਐਸਐਸਪੀ ਫਰੀਦਕੋਟ ਨੂੰ ਇੱਕ ਅਰਜ਼ੀ ਲਿਖ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਸ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਪੰਚਾਇਤੀ ਚੋਣਾਂ ਸਮੇਂ ਕਿਸੇ ਪਿੰਡ ਵਾਸੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਨਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਜੋ ਸਾਰੇ ਪਿੰਡ ਨੂੰ ਮਨਜ਼ੂਰ ਸੀ ਉਨ੍ਹਾਂ ਕਿਹਾ ਕਿ ਜਦੋਂ ਹੁਣ ਸਰਕਾਰ ਦੁਬਾਰਾ ਕੋਈ ਨੋਟੀਫਿਕੇਸ਼ਨ ਜਾਰੀ ਕਰੇਗੀ ਉਸ ਤੋਂ ਬਾਅਦ ਦੇਖਿਆ ਜਾਵੇਗਾ।
ਇਸ ਸਬੰਧ ਵਿੱਚ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਪਿੰਡ ਬਹਿਬਲ ਤੋਂ ਲੋਕ ਮਿਲਣ ਆਏ ਸਨ ਜਿਨ੍ਹਾਂ ਵੱਲੋਂ 28 ਸਤੰਬਰ ਨੂੰ ਸਿੰਮਾ ਬਹਿਬਲ ਅਤੇ ਉਸਦੇ ਕੁੱਝ ਸਾਥੀਆਂ ਖਿਲਾਫ ਦਰਜ ਮਾਮਲੇ ਸਬੰਧੀ ਜਾਂਚ ਕਰ ਇਸ ਮਾਮਲੇ ਦੇ ਤੱਥਾਂ ਨੂੰ ਵਿਚਾਰਨ ਦੀ ਮੰਗ ਕੀਤੀ ਜਿਸ ਸਬੰਧੀ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਜੋ ਬਣ ਸਕਿਆ ਉਹ ਇਸ ਮਾਮਲੇ ਵਿੱਚ ਜ਼ਰੂਰ ਕਰਨਗੇ।