ਚੰਡੀਗੜ੍ਹ: ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਸਤੀਫ਼ੇ ਤੋਂ ਬਾਅਦ ਸਿਹਤ ਵਿਭਾਗ ’ਚ ਰੋਸ ਪਾਇਆ ਜਾ ਰਿਹਾ ਹੈ।  ਹੁਣ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੰਵਰਦੀਪ ਸਿੰਘ ਨੇ ਉਨ੍ਹਾਂ ਨੂੰ ਸੌਂਪੇ ਗਏ ਵਾਧੂ ਚਾਰਜ ਛੱਡਣ ਦੀ ਇੱਛਾ ਪ੍ਰਗਟਾਈ ਹੈ। 


COMMERCIAL BREAK
SCROLL TO CONTINUE READING

ਗੈਰ-ਜ਼ਿੰਮੇਵਾਰ ਸਮਾਜਿਕ ਕਾਰਕੁਨਾਂ ਵਲੋਂ ਪਾਇਆ ਜਾਂਦਾ ਹੈ ਦਬਾਅ
ਉਨ੍ਹਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਨੂੰ ਲਿਖੇ ਪੱਤਰ ’ਚ ਦੱਸਿਆ ਕਿ ਜ਼ਰੂਰੀ ਸੇਵਾਵਾਂ ਦੀ ਘਾਟ ਦੇ ਚੱਲਦਿਆਂ ਸੰਸਥਾ ਅਧੀਨ ਆਉਂਦੇ ਹਸਪਤਾਲਾਂ ਦੇ ਵੱਖ ਵੱਖ ਵਿਭਾਗਾਂ ’ਚ ਮਰੀਜਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਿਆਂ ਕਈ ਵਾਰ ਦਿੱਕਤ ਪੇਸ਼ ਆਉਂਦੀ ਹੈ। ਇਸ ਕਾਰਨ ਕਈ ਵਾਰ ਕੁਝ ਗੈਰ-ਜ਼ਿੰਮੇਵਾਰ ਸਮਾਜਿਕ ਕਾਰਕੁਨਾਂ ਵਲੋਂ ਕਈ ਤਰੀਕਿਆਂ ਨਾਲ ਦਬਾਅ ਪਾਇਆ ਜਾਂਦਾ ਹੈ ਅਤੇ ਸਬੰਧਤ ਉੱਚ-ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ।



ਵਿਭਾਗ ’ਚ ਸੀਨੀਅਰ ਸਟਾਫ਼ ਦੀ ਘਾਟ ਦੇ ਚੱਲਦਿਆਂ ਛੱਡਿਆ ਵਾਧੂ ਚਾਰਜ
ਉਨ੍ਹਾਂ ਲਿਖਿਆ ਕਿ ਰੇਡੀਓਥਰੈਪੀ ਵਿਭਾਗ ’ਚ ਕੈਂਸਰ ਮਰੀਜਾਂ ਦੇ ਲਗਾਤਾਰ ਵਾਧਾ ਹੋਣ ਕਾਰਨ, ਸਟੇਟ ਕੈਂਸਰ ਇੰਸਟੀਚਿਊਟ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਵਿਭਾਗ ਨੂੰ ਜ਼ਿਆਦਾ ਸਮਾਂ ਦੇਣ ਦੀ ਜ਼ਰੂਰਤ ਹੈ, ਇਸ ਤੋਂ ਇਲਾਵਾ ਵਿਭਾਗ ’ਚ ਸੀਨੀਅਰ ਫਕੈਲਟੀ ਸਟਾਫ਼ ਦੀ ਵੀ ਬਹੁਤ ਘਾਟ ਹੈ। ਇਨ੍ਹਾਂ ਸਮੱਸਿਆਵਾਂ ਦੇ ਚੱਲਦਿਆਂ ਬਤੌਰ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਡਿਊਟੀ ਨਿਭਾਉਣ ਦੀਆਂ ਸੇਵਾਵਾਂ ਕਿਸੇ ਹੋਰ ਨੂੰ ਦਿੱਤੀਆਂ ਜਾਣ। 



ਜਿਵੇਂ ਕਿ ਦੋਹਾਂ ਸਿਹਤ ਵਿਭਾਗ ਅਫ਼ਸਰਾਂ ਦੁਆਰਾ ਵਾਧੂ ਚਾਰਜ ਛੱਡਣ ਦੀ ਬੇਨਤੀ ਕੀਤੀ ਗਈ ਹੈ, ਪਰ ਕਿਤੇ ਨਾ ਕਿਤੇ ਇਸ ਪਿੱਛੇ ਕਾਰਨ ਸਿਹਤ ਮੰਤਰੀ ਦਾ ਰਵੱਈਆ ਦੱਸਿਆ ਜਾ ਰਿਹਾ ਹੈ। 


 



ਸਿਹਤ ਮੰਤਰੀ ਦੇ ਵਤੀਰੇ ਪ੍ਰਤੀ ਵਿਭਾਗ ਦੇ ਅਧਿਕਾਰੀਆਂ ’ਚ ਰੋਸ
ਦੱਸ ਦੇਈਏ ਕਿ ਬੀਤੇ ਕੱਲ੍ਹ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਚੈਕਿੰਗ ਦੌਰਾਨ ਗੰਦੇ ਬੈੱਡ ’ਤੇ ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਨੂੰ ਲਿਟਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਫ਼ਰੀਦ ਯੂਨੀਵਰਸਿਟੀ ਦੇ ਚਾਂਸਲਰ ਡਾ. ਬਹਾਦੁਰ ਦੁਆਰਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਉੱਥੇ ਹੀ ਵਿਭਾਗ ਦੇ ਹੋਰ ਅਫ਼ਸਰਾਂ ਵਲੋਂ ਜਿੱਥੇ ਵੀਸੀ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਹਤ ਮੰਤਰੀ ਦੇ ਵਤੀਰੇ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ।