Bathinda News: ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ 'ਤੇ 100 ਦੀ ਸਪੀਡ 'ਤੇ ਜਾ ਰਹੀ ਇੱਕ ਸਕਾਰਪੀਓ ਨੂੰ ਕਾਬੂ ਕਰਨ ਦੇ ਲਈ ਵਿਜੀਲੈਂਸ ਦੀਆਂ ਟੀਮਾਂ ਨੂੰ ਲੰਮੀਆਂ ਦੌੜਾਂ ਲਗਾਉਣੀਆਂ ਪਈਆਂ। ਆਖ਼ਰਕਾਰ ਕਈ ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਗੱਡੀਆਂ ਨੇ ਸਕਾਰਪੀਓ ਨੂੰ ਘੇਰ ਲਿਆ ਤੇ ਇਸ ਸਕਾਰਪੀਓ ਵਿਚ ਕੋਈ ਹੋਰ ਨਹੀਂ, ਬਲਕਿ ਪੰਜਾਬ ਪੁਲਿਸ ਦਾ ਹੀ ਇੱਕ ਹੌਲਦਾਰ ਸੀ, ਜੋਕਿ ਇੱਕ ਔਰਤ ਤੋਂ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਨੇ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੂੰ ਦੇਖ ਭੱਜਿਆ ਸੀ। ਬੇਸ਼ੱਕ ਕੁਲਦੀਪ ਸਿੰਘ ਨਾਂ ਦੇ ਇਸ ਹੌਲਦਾਰ ਨੂੰ ਵਿਜੀਲੈਂਸ ਨੇ ਕਾਬੂ ਜਰੂਰ ਕਰ ਲਿਆ ਪ੍ਰੰਤੂ ਰਾਸਤੇ ਵਿਚ ਇਸਦੇ ਵੱਲੋਂ ਕਈ ਵਹੀਕਲਾਂ ਵਿਚ ਫ਼ੇਟ ਮਾਰਨ ਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਤੇ ਫ਼ੌਜੀ ਛਾਉਣੀ ਇਲਾਕੇ ਵਿਚ ਹੌਲਦਾਰ ਦੀ ਸਕਾਰਪੀਓ ਗੱਡੀ ਦਾ ਮੂਹਰਲਾ ਟਾਈਰ ਪੁਲ ਦੇ ਡਿਵਾਈਡਰ ਨਾਲ ਵੱਜਣ ਕਾਰਨ ਫ਼ਟ ਗਿਆ ਤੇ ਟਾਈਰ ਫਟਣ ਦੀ ਅਵਾਜ਼ ਬੰਬ ਦੀ ਤਰ੍ਹਾਂ ਆਈ, ਜਿਸਤੋਂ ਬਾਅਦ ਫ਼ੌਜ ਪੁਲਿਸ ਦੇ ਦੁਆਲੇ ਇਕੱਠੀ ਹੋ ਗਈ ਤੇ ਬੰਬ ਦੀ ਤਰਜ਼ 'ਤੇ ਫ਼ਟੇ ਟਾਈਰ ਦੀ ਤਹਿਕੀਕਾਤ ਕਰ ਦਿੱਤੀ। ਮਿਲੀ ਸੂਚਨਾ ਮੁਤਾਬਕ ਕੁੱਝ ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪਥਰਾਲਾ ਵਿਚ ਦੋ ਧਿਰਾਂ 'ਚ ਆਹਮੋ-ਸਾਹਮਣੇ ਗੋਲੀਆਂ ਚੱਲੀਆਂ ਸਨ, ਜਿਸਦੇ ਵਿਚ ਕੁੱਝ ਜਣੇ ਗੰਭੀਰ ਜਖ਼ਮੀ ਹੋ ਗਏ ਸਨ। ਇਸ ਬਹੁਚਰਚਿਤ ਕੇਸ ਵਿਚ ਸੰਗਤ ਪੁਲਿਸ ਨੇ ਦੋਨਾਂ ਹੀ ਧਿਰਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਸੀ। ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ ਤੇ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇੱਕ ਰਾਈਫ਼ਲ, ਜਿਸਦੇ ਰਾਹੀਂ ਗੋਲੀਆਂ ਚਲਾਈਆਂ ਗਈਆਂ ਸਨ, ਇੱਕ ਔਰਤ ਕੌਰ ਦੇ ਨਾਂ 'ਤੇ ਸੀ।


ਉਕਤ ਔਰਤ ਦਾ ਪਤੀ ਇਸੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ। ਹੁਣ ਸੰਗਤ ਥਾਣੇ ਵਿਚ ਤੈਨਾਤ ਹੌਲਦਾਰ ਕੁਲਦੀਪ ਸਿੰਘ ਨੇ ਇਸ ਔਰਤ ਨੂੰ ਹੀ ਮੁਕੱਦਮੇ ਵਿਚ ਸ਼ਾਮਲ ਕਰਨ ਦਾ ਡਰਾਵਾ ਦੇ ਕੇ 1 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਤੇ ਬਾਅਦ ਵਿਚ ਸੌਦਾ 70 ਹਜ਼ਾਰ ਦਾ ਹੋ ਗਿਆ। ਇਸਦੀ ਭਿਣਕ ਵਿਜੀਲੈਂਸ ਨੂੰ ਵੀ ਲੱਗ ਗਈ। ਜਿਸਤੋਂ ਬਾਅਦ ਅਸੁਦਾ ਪ੍ਰੋਗਰਾਮ ਤਹਿਤ ਹੌਲਦਾਰ ਕੁਲਦੀਪ ਸਿੰਘ ਵੱਲੋਂ ਗੁਰਮੀਤ ਕੌਰ ਨੂੰ ਪੈਸੇ ਦੇਣ ਦੇ ਲਈ ਬਰਨਾਲਾ ਬਾਈਪਾਸ ਉਪਰ ਪੁਲ ਦੇ ਥੱਲੇ ਬੁਲਾਇਆ ਗਿਆ। ਜਿੱਥੇ ਪੈਸੇ ਲੈਣ ਦੇ ਦੌਰਾਨ ਉਸਨੂੰ ਆਸਪਾਸ ਵਿਜੀਲੈਂਸ ਦੀਆਂ ਟੀਮਾਂ ਲੱਗੀਆਂ ਹੋਣ ਦੀ ਵੀ ਭਿਣਕ ਲੱਗ ਗਈ। ਜਿਸਦੇ ਚੱਲਦੇ ਉਸਨੇ ਮੌਕੇ ਤੋਂ ਭੱਜਣ ਦੇ ਲਈ ਆਪਣੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਭਜਾ ਲਈ। ਹੌਲਦਾਰ ਭੱਜਦਾ ਦੇਖ ਕਈ ਗੱਡੀਆਂ ਵਿਚ ਆਏ ਦਰਜ਼ਨ ਤੋਂ ਵੱਧ ਵਿਜੀਲੈਂਸ ਦੇ ਮੁਲਾਜਮਾਂ ਨੇ ਵੀ ਉਸਦੇ ਪਿੱਛੇ ਗੱਡੀਆਂ ਲਗਾ ਲਈਆਂ। ਇਸ ਦੌਰਾਨ ਰਾਸਤੇ ਵਿਚ ਹੌਲਦਾਰ ਨੇ ਕਈ ਹੋਰ ਵਹੀਕਲਾਂ ਵੀ ਟੱਕਰ ਮਾਰ ਦਿੱਤੀ।