ਕਿਸ ਗੱਲੋਂ ਖ਼ਫ਼ਾ ਹੋਏ ਗਿਆਨੀ ਹਰਪ੍ਰੀਤ ਸਿੰਘ, ਦਿੱਲੀ ਦਾ ਤਖ਼ਤ ਹਿਲਾਉਣ ਵਾਲੀ ਐਸ. ਜੀ. ਪੀ. ਸੀ. ਨੂੰ ਕਿਹਾ ਕਮਜ਼ੋਰ
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਮੌਜੂਦ ਸਿੱਖ ਜੱਥੇਬੰਦੀਆਂ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਗੁਰਦੁਆਰਿਆਂ ਦੇ ਪ੍ਰਮੁੱਖ ਸਥਾਨਾਂ `ਤੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਬੋਰਡ ਲਗਾਉਣ ਸਿੱਖ ਕੈਦੀਆਂ ਦੀ ਰਿਹਾਈ ਲਈ ਕਿਸੇ ਕੋਲ ਜਾ ਕੇ ਫਰਿਆਦ ਕਰਨ ਦੀ ਲੋੜ ਨਹੀਂ ਹੈ।
ਚੰਡੀਗੜ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਐਸ. ਜੀ. ਪੀ. ਸੀ. ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਉਹਨਾਂ ਆਖਿਆ ਹੈ ਕਿ ਕਿਸੇ ਵੇਲੇ ਐਸ. ਜੀ. ਪੀ. ਸੀ. ਦੀ ਦਹਾੜ ਦਿੱਲੀ ਤਖ਼ਤ ਤੱਕ ਪਹੁੰਚ ਕੇ ਦਿੱਲੀ ਦਾ ਤਖ਼ਤ ਵੀ ਹਿਲਾ ਦਿੰਦੀ ਸੀ ਅੱਜ ਐਸ. ਜੀ. ਪੀ. ਸੀ. ਆਪਣਾ ਆਧਾਰ ਗਵਾ ਕੇ ਕਮਜ਼ੋਰ ਹੋ ਚੁੱਕੀ ਹੈ। ਉਹਨਾਂ ਇਸਦਾ ਸਿੱਧਾ ਨਿਸ਼ਾਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲਗਾਇਆ। ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਐਸ. ਜੀ. ਪੀ. ਸੀ. ਦਾ ਇਕ ਵਫ਼ਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚਿਆ ਪਰ ਕੇਜਰੀਵਾਲ ਨੇ ਉੇਹਨਾਂ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਿਆ।
ਕੇਜਰੀਵਾਲ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ
ਕਮੇਟੀ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਸਨ ਜਿਨ੍ਹਾਂ ਦੇ ਨਾਲ ਦੋ ਸਾਬਕਾ ਪ੍ਰਧਾਨ ਵੀ ਸਨ। ਇਹ ਵਫ਼ਦ 10 ਮਿੰਟ ਤੱਕ ਮੀਂਹ ਵਿਚ ਭਿੱਜਦਾ ਰਿਹਾ ਪਰ ਮੁੱਖ ਮੰਤਰੀ ਨੇ ਕਿਸੇ ਵੀ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਤੋਂ ਮੰਗ ਪੱਤਰ ਲੈਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਦੀ ਦਹਾੜ ਦਿੱਲੀ ਦੇ ਤਖਤ ਨੂੰ ਵੀ ਹਿਲਾ ਦਿੰਦੀ ਸੀ।
"ਕਿਸੇ ਕੋਲ ਜਾ ਕੇ ਫਰਿਆਦ ਕਰਨ ਦੀ ਲੋੜ ਨਹੀਂ"
ਉਨ੍ਹਾਂ ਕਿਹਾ ਕਿ ਸਾਡੇ ਅਦਾਰੇ ਢਹਿ-ਢੇਰੀ ਹੋ ਗਏ ਹਨ। ਅਜਿਹੀ ਹਾਲਤ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਉੱਤੇ ਭਰੋਸਾ ਨਹੀਂ ਰੱਖਦੇ। ਜਦੋਂ ਤੱਕ ਸਿੱਖ ਦਾ ਗੁਰੂ ਵਿੱਚ ਵਿਸ਼ਵਾਸ ਹੈ, ਸਿੱਖ ਨੂੰ ਗੁਰੂ ਦੀ ਵਡਿਆਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਗਲਤੀਆਂ ਕਾਰਨ ਸਾਡੇ ਅਦਾਰੇ ਢਹਿ-ਢੇਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਮੌਜੂਦ ਸਿੱਖ ਜੱਥੇਬੰਦੀਆਂ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਗੁਰਦੁਆਰਿਆਂ ਦੇ ਪ੍ਰਮੁੱਖ ਸਥਾਨਾਂ 'ਤੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਬੋਰਡ ਲਗਾਉਣ ਸਿੱਖ ਕੈਦੀਆਂ ਦੀ ਰਿਹਾਈ ਲਈ ਕਿਸੇ ਕੋਲ ਜਾ ਕੇ ਫਰਿਆਦ ਕਰਨ ਦੀ ਲੋੜ ਨਹੀਂ ਹੈ।