ਚੰਡੀਗੜ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਧੜਾਧੜ ਕਾਂਗਰਸੀ ਨੇਤਾਵਾਂ 'ਤੇ ਕਾਰਵਾਈ ਹੋ ਰਹੀ ਹੈ। ਜਿਹਨਾਂ ਵਿਚੋਂ ਕਈ ਸਾਬਕਾ ਮੰਤਰੀ ਜੇਲ੍ਹ ਦੀ ਹਵਾ ਖਾ ਰਹੇ ਹਨ। ਪਰ ਹੁਣ ਬਾਕੀ ਕਾਂਗਰਸੀਆਂ ਉੱਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਹੁਣ ਚਰਚਾ ਚੱਲ ਰਹੀ ਹੈ ਕਿ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਕੈਪਟਨ ਸੰਦੀਪ ਸੰਧੂ ਦਾ ਅਗਲਾ ਨੰਬਰ ਲੱਗ ਸਕਦਾ ਹੈ। ਇੰਨਾਂ ਹੀ ਨਹੀਂ ਗੁਰਦਾਸਪੁਰ ਤੋਂ ਮੌਜੂਦਾ ਐਮ. ਐਲ. ਏ. ਬਰਿੰਦਰਮੀਤ ਪਾਹੜਾ ਵੀ ਵਿਜੀਲੈਂਸ ਦੀ ਰਡਾਰ 'ਤੇ ਹਨ। ਇਹਨਾਂ ਉੱਤੇ ਕਈ ਘੁਟਾਲਿਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਲੱਗੇ ਹਨ।


COMMERCIAL BREAK
SCROLL TO CONTINUE READING

 


ਸੰਦੀਪ ਸੰਧੂ 'ਤੇ ਸੋਲਰ ਲਾਈਟ ਘੁਟਾਲੇ ਦੇ ਦੋਸ਼


ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ. ਰਹੇ ਕੈਪਟਨ ਸੰਦੀਪ ਸੰਧੂ ਉੱਤੇ ਲੱਖਾਂ ਰੁਪਏ ਦੇ ਸੋਲਰ ਲਾਈਟ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਉੱਤੇ ਐਫ.ਆਈ. ਆਰ. ਦਰਜ ਕੀਤੀ ਹੈ। ਸੋਲਰ ਲਾਈਟ ਘੁਟਾਲਾ ਮਾਮਲੇ ਵਿਚ ਸਥਾਨਕ ਬਲਾਕ ਚੇਅਰਮੈਨ ਲਖਵਿੰਦਰ ਸਿੰਘ ਅਤੇ ਬੀ. ਡੀ. ਪੀ. ਓ. ਤਲਵਿੰਦਰ ਸਿੰਘ ਕੰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਸੰਦੀਪ ਸੰਧੂ ਅਤੇ ਉਹਨਾਂ ਦੇ ਰਿਸ਼ਤੇਦਾਰ ਨੂੰ ਨਾਮਜ਼ਦ ਕੀਤਾ ਹੈ। ਦੱਸ ਦਈਏ ਕਿ ਕੈਪਟਨ ਸੰਧੂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬ ਸਨ। 2109 ਵਿਚ ਹੋਈਆਂ ਜ਼ਿਮਨੀ ਚੋਣਾਂ ਵੇਲੇ ਉਹਨਾਂ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ ਅਤੇ 2022 ਵਿਚ ਪਾਰਟੀ ਨੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਸੀ।


 


ਗੁਰਦਾਸਪੁਰ ਤੋਂ ਵਿਧਾਇਕ ਬਰਿੰਦਮੀਤ ਪਾਹੜਾ 'ਤੇ ਡਿੱਗ ਸਕਦੀ ਹੈ ਗਾਜ


ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸੀ ਵਿਧਾਇਕ ਪਾਹੜਾ ਸਣੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਬੈਂਕ ਡਿਟੇਲ ਮੰਗੀ ਗਈ ਹੈ। ਇਸ ਲਈ ਗੁਰਦਾਸਪੁਰ ਦੇ ਬੈਂਕ ਮੈਨੇਜਰ ਨੂੰ ਖਾਸ ਤੌਰ 'ਤੇ ਪੱਤਰ ਲਿਖ ਕੇ ਡਿਟੇਲ ਪੁੱਛੀ ਗਈ ਹੈ। ਪਰ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਆਖਿਰਕਾਰ ਪਾਹੜਾ ਦੀ ਕਿਸ ਮਾਮਲੇ ਸਬੰਧੀ ਜਾਂਚ ਹੋ ਰਹੀ ਹੈ।


 


 


ਇਹਨਾਂ ਕਾਂਗਰਸੀ ਨੇਤਾ ਗਏ ਜੇਲ੍ਹ


ਇਸ ਤੋਂ ਇਲਾਵਾ ਕਾਂਗਰਸ ਦੇ ਕੁਝ ਦਿੱਗਜ ਆਗੂ ਅਤੇ ਸਾਬਕਾ ਮੰਤਰੀ ਘੁਟਾਲਿਆਂ ਦੇ ਦੋਸ਼ਾਂ ਤਹਿਤ ਜੇਲ੍ਹ ਜਾ ਚੁੱਕੇ ਹਨ।ਜਿਹਨਾਂ ਵਿਚ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ 'ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ। ਗਿਲਜੀਆਂ ਅਤੇ ਉਹਨਾਂ ਦੇ ਭਤੀਜੇ ਉੱਤੇ ਰੁੱਖਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ 'ਤੇ ਕਮਿਸ਼ਨ ਲੈਣ ਦੇ ਦੋਸ਼ ਲੱਗੇ। ਉਹਨਾਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨੂੰ ਗ੍ਰਿਫ਼ਤਾਰ ਕੀਤਾ ਪਰ ਸੰਗਤ ਸਿੰਘ ਗਿਲਜੀਆਂ ਗ੍ਰਿਫ਼ਤਾਰੀ ਤੋਂ ਬਚ ਗਏ। ਕਿਉਂਕੀ ਅਦਾਲਤ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਜੰਗਲਾਤ ਮੰਤਰੀ ਸਨ। ਉਹਨਾਂ ਉੱਤੇ ਵੀ ਰੁੱਖਾਂ ਦੀ ਕਟਾਈ ਲਈ ਰਿਸ਼ਵਤ ਲੈਣ ਦੇ ਦੋਸ਼ ਲੱਗੇ ਜਿਸ ਕਾਰਨ ਉਹ ਕਈ ਮਹੀਨ ਪਟਿਆਲਾ ਜੇਲ੍ਹ ਵਿਚ ਰਹੇ। ਹਲਾਂਕਿ ਬਾਅਦ ਵਿਚ ਜ਼ਮਾਨਤ ਮਿਲ ਗਈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ, ਨਵਾਂ ਸ਼ਹਿਰ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ 2020-21 ਵਿਚ ਖੁਰਾਕ ਸਪਲਾਈ ਵਿਭਾਗ ਨੇ ਅਨਾਜ ਦੀ ਲਿਫਟਿੰਗ ਦਾ ਠੇਕਾ ਮਨਪਸੰਦ ਠੇਕੇਦਾਰ ਨੂੰ ਦੇਣ ਦੀ ਨੀਤੀ ਬਦਲ ਦਿੱਤੀ ਸੀ।


 


WATCH LIVE TV