Rupnagar News: ਸਾਊਦੀ ਅਰਬ ਦੀ ਜੇਲ੍ਹ `ਚ ਫਸਿਆ ਨੌਜਵਾਨ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਘਰ ਪਰਤਿਆ
Rupnagar News: ਰੋਪੜ ਜ਼ਿਲ੍ਹੇ ਦੇ ਨੌਜਵਾਨ ਸਾਊਦੀ ਅਰਬ ਵਿੱਚੋਂ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਘਰ ਪਰਤਿਆ। ਇਸ ਮੌਕੇ ਨੌਜਵਾਨ ਨੇ ਆਪਣੀ ਹੱਡਬੀਤੀ ਸੁਣਾਈ।
Rupnagar News: ਚੰਗੇ ਭਵਿੱਖ ਲਈ ਹਿਜਰਤ ਕਰਨ ਵਿੱਚ ਪੰਜਾਬੀਆਂ ਨੇ ਹਮੇਸ਼ਾ ਹੀ ਕਾਫੀ ਦਿਲਚਸਪੀ ਦਿਖਾਈ ਹੈ ਪਰ ਕਈ ਵਾਰ ਉਥੋਂ ਦੀਆਂ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਮੁੰਨੇ ਦੇ ਜਰਨੈਲ ਸਿੰਘ ਦਾ ਪੁੱਤਰ ਹਰਪ੍ਰੀਤ ਸਿੰਘ, ਜਿਸ ਨੂੰ ਪਾਕਿਸਤਾਨੀ ਦੋਸਤ ਦੀ ਧੋਖੇ ਦਾ ਸ਼ਿਕਾਰ ਹੋਣਾ ਪਿਆ ਅਤੇ ਸਾਊਦੀ ਅਰਬ ਦੀ 1 ਸਾਲ ਤੋਂ ਵੱਧ ਜੇਲ੍ਹ ਕੱਟਣੀ ਪਈ। ਜਿੱਥੇ ਪਰਿਵਾਰ ਨੂੰ ਮਿਲਣ ਮੌਕੇ ਹਰਪ੍ਰੀਤ ਸਿੰਘ ਭਾਵੁਕ ਨਜ਼ਰ ਆਇਆ ਉਥੇ ਵੀ ਉਸ ਦੀ ਪਤਨੀ ਅਤੇ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਮਿਲ ਕੇ ਭਾਵੁਕ ਨਜ਼ਰ ਆਏ।
ਹਰਪ੍ਰੀਤ ਸਿੰਘ ਆਪਣੇ ਪਾਕਿਸਤਾਨੀ ਦੋਸਤ ਰਸ਼ੀਦ ਖਾਨ ਦੀ ਬੇਈਮਾਨੀ ਦਾ ਸ਼ਿਕਾਰ ਹੋ ਗਿਆ ਸੀ। ਹਰਪ੍ਰੀਤ ਸਿੰਘ ਦੀ ਮਾਤਾ ਅਤੇ ਪਿਤਾ ਨੇ ਪੁੱਤਰ ਦੀ ਰਿਹਾਈ ਲਈ ਕਈ ਸਿਆਸੀ ਨੇਤਾਵਾਂ ਤੱਕ ਪਹੁੰਚ ਵੀ ਕੀਤੀ ਪਰ ਕੋਈ ਵੀ ਹੱਲ ਨਹੀਂ ਹੋਇਆ। ਹਰਪ੍ਰੀਤ ਸਿੰਘ 2019 ਵਿਚ ਸਊਦ ਅਰਬ ਵਿੱਚ ਬਿੰਨ ਜ਼ਾਰਾ ਗਰੁੱਪ ਵਿੱਚ ਬਤੌਰ ਡਰਾਈਵਰ ਕੰਮ ਕਰਦਾ ਸੀ।
ਉਸਦੇ ਨਾਲ ਹੀ ਲੇਬਰ ਵਿੱਚ ਕੰਮ ਕਰਦੇ ਇੱਕ ਪਾਕਿਸਤਾਨੀ ਵਿਅਕਤੀ ਰਸ਼ੀਦ ਖਾਨ ਵਖਤ ਨੇ ਉਸ ਦੀ ਗੱਡੀ ਵਿੱਚ ਕੋਈ ਸਾਮਾਨ ਰੱਖਿਆ ਅਤੇ ਕਿਹਾ ਕਿ ਇਹ ਉਸ ਦਾ ਘਰੇਲੂ ਸਾਮਾਨ ਹੈ ਅਤੇ ਇਹ ਸਾਮਾਨ ਉਸਨੇ ਸਾਊਦੀ ਅਰਬ ਦੇ ਵਿੱਚ ਹੀ ਕਿਸੇ ਦੁਕਾਨ ਉਪਰ ਫੜਾਉਣ ਨੂੰ ਕਿਹਾ ਮਗਰ ਕਾਫੀ ਸਮੇਂ ਬਾਅਦ ਉਹੀ ਦੁਕਾਨਦਾਰ ਚੋਰੀ ਕੀਤੇ ਤਾਂਬੇ ਦੇ ਸਾਮਾਨ ਦੇ ਨਾਲ ਫੜਿਆ ਗਿਆ ਤਾਂ ਉਸਨੇ ਕਿਹਾ ਕਿ ਥੈਲੇ ਵਾਲਾ ਸਾਮਾਨ ਉਸ ਨੂੰ ਹਰਪ੍ਰੀਤ ਸਿੰਘ ਦੇ ਕੇ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਪਾਕਿਸਤਾਨੀ ਵਿਅਕਤੀ ਰਸ਼ੀਦ ਖ਼ਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਸਾਊਦੀ ਅਰਬ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਮਗਰ ਰਸ਼ੀਦ ਖਾਨ ਆਪਣੀ ਜ਼ਮਾਨਤ ਕਰਵਾ ਕੇ ਉਥੋਂ ਫਰਾਰ ਹੋ ਗਿਆ ਸੀ ਪੰਜਾਬ ਵਿੱਚ ਉਸਦੇ ਪਰਿਵਾਰ ਵਾਲਿਆਂ ਨੇ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ।
ਉਥੇ ਹੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰਟ ਵੱਲੋਂ ਉਸਨੂੰ ਇੱਕ ਸਾਲ ਦੀ ਕੈਦ ਅਤੇ 100 ਰੇਆਲ ਜੁਰਮਾਨਾ ਕੀਤਾ ਗਿਆ ਸੀ, ਉਸ ਦੀ ਸਜ਼ਾ ਤਾਂ ਪੂਰੀ ਹੋ ਗਈ ਸੀ ਮਗਰ ਜੋ ਜੁਰਮਾਨਾ ਸੀ ਉਸ ਨੂੰ ਭਰਨ ਲਈ ਉਸ ਕੋਲ ਪੈਸੇ ਨਹੀਂ ਸਨ ਜਿਸ ਕਰਕੇ ਉਸਨੂੰ ਜ਼ਿਆਦਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ। ਕਾਬਿਲੇਗੌਰ ਹੈ ਕਿ ਪਰਿਵਾਰ ਵਾਲਿਆਂ ਮੁਤਾਬਕ ਵਿਆਹ ਤੋਂ ਬਾਅਦ ਹਰਪ੍ਰੀਤ ਵਿਦੇਸ਼ ਚਲਾ ਗਿਆ ਸੀ।
ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ
ਨੂਰਪੁਰ ਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ