Delhi News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ’ਤੇ ਗੁਰਧਾਮਾਂ ਦੇ ਦਰਸ਼ਨ ਵਾਸਤੇ ਜੱਥਾ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ ਗਈ ਤੇ ਫਿਰ ਜੱਥਾ ਰਵਾਨਾ ਹੋਇਆ। ਜੱਥੇ ਵਿਚ 106 ਮੈਂਬਰ ਰਵਾਨਾ ਹੋਏ ਹਨ। ਜਥੇ ਦੀ ਅਗਵਾਈ ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ ਕਰ ਰਹੇ ਹਨ।


COMMERCIAL BREAK
SCROLL TO CONTINUE READING

ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਜੱਥਾ ਅੱਜ ਅੰਮ੍ਰਿਤਸਰ ਪਹੁੰਚੇਗਾ ਤੇ ਕੱਲ੍ਹ ਅਟਾਰੀ ਵਾਹਗਾ ਰਾਹੀਂ ਪਾਕਿਸਤਾਨ ਦਾਖਲ ਹੋਵੇਗਾ। ਉਥੇ ਪਾਕਿਸਤਾਨ ਵਿਚ ਗੁਰਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਜੱਥੇ ਦੇ ਮੈਂਬਰ ਸ਼ਮੂਲੀਅਤ ਕਰਨਗੇ ਤੇ ਹੋਰ ਪ੍ਰੋਗਰਾਮਾਂ ਵਿਚ ਭਾਗ ਲੈਣਗੇ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਗੇ।


ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਮੇਟੀ ਵੱਲੋਂ 379 ਯਾਤਰੂਆਂ ਦੇ ਨਾਂ ਪਾਕਿਸਤਾਨ ਸਰਕਾਰ ਨੂੰ ਭੇਜੇ ਸਨ ਜਿਸ ਵਿਚੋਂ ਸਿਰਫ 106 ਯਾਤਰੂਆਂ ਵਾਸਤੇ ਹੀ ਵੀਜ਼ੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਸਿਰਫ ਦੋ ਦਿਨ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦਿੰਦੀ ਹੈ ਕਿ ਕਿਹਨਾਂ ਦਾ ਵੀਜ਼ਾ ਲੱਗਾ ਹੈ।


ਉਹਨਾਂ ਨੇ ਇਸ ਗੱਲ ਦੀ ਵੀ ਸਖ਼ਤ ਨਿਖੇਧੀ ਕੀਤੀ ਕਿ ਪਾਕਿਸਤਾਨ ਸਰਕਾਰ ਨੇ ਖੁਦ ਹੀਇਹ ਪੈਮਾਨਾ ਬਣਾ ਲਿਆ ਹੈ ਕਿ ਜਿਹੜੇ ਪਿਛਲੇ ਸਾਲ ਗਏ ਸਨ ਜਾਂ ਦੋ ਸਾਲ ਪਹਿਲਾਂ ਗਏ ਸਨ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਲ ਵਿਚ ਸਿਰਫ ਇਕ ਵਾਰ ਆਉਂਦਾ ਹੈ ਤੇ ਗੁਰੂ ਦਾ ਘਰ ਸੰਗਤ ਦੇ ਦਰਸ਼ਨਾਂ ਵਾਸਤੇ ਰੋਜ਼ਾਨਾ ਖੁਲ੍ਹਾ ਹੁੰਦਾ ਹੈ ਤੇ ਰੋਜ਼ਾਨਾ ਹੀ ਸੰਗਤ ਨੇ ਦਰਸ਼ਨ ਕਰਨੇ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਇਸ ਤਰੀਕੇ ਦਾ ਮਾੜਾ ਰਵੱਈਆ ਅਪਣਾਉਂਦੀ ਹੈ ਤੇ ਸੰਗਤ ਨੂੰ ਵੀਜ਼ੇ ਨਹੀਂ ਦਿੰਦੀ।