Fatehgarh Sahib: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੀ ਅਰੰਭਤਾ
Shaheedi Jor Mel: ਬਾਬਾ ਜੋਰਾਵਰ ਸਿੰਘ 9 ਸਾਲ,ਬਾਬਾ ਫਤਿਹ ਸਿੰਘ 7 ਸਾਲ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਤਿੰਨ ਦਿਨ ਸ਼ਹੀਦੀ ਸਭਾ ਹੁੰਦੀ ਹੈ।
Shaheedi Jor Mel: ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿਚ ਫ਼ਤਿਹਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤਕ ਲੱਗਣ ਵਾਲਾ ਸ਼ਹੀਦੀ ਜੋੜ ਮੇਲ ਅੱਜ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਸੰਗਤਾਂ ਦਾ ਬਹੁਤ ਵੱਡਾ ਸਮੂਹ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਅਪਣਾ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਲੰਮੀਆਂ-ਲੰਮੀਆਂ ਲਾਈਨਾਂ ਵਿਚ ਲਗਿਆ ਦੇਖਿਆ ਗਿਆ।
ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਅੱਜ ਆਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਹੈਡ ਗ੍ਰੰਥੀ ਭਾਈ ਅਤਰ ਸਿੰਘ ਵੱਲੋਂ ਕੌਮ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ। ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਇਆ ਜਾਵੇਗਾ। ਇਸੇ ਦਿਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਵੇਗਾ ਜਿਸ ਦੀ ਸਮਾਪਤੀ ਗੁਰਦੁਆਰਾ ਜਯੋਤੀ ਸਰੂਪ ਸਾਹਿਬ ਵਿਖੇ ਬਾਅਦ ਦੁਪਹਿਰ ਲਗਭਗ 1 ਵਜੇ ਹੋਵੇਗੀ।
ਫ਼ਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਪਰਿਵਾਰ ਅੱਜ ਵੀ ਪੋਹ (ਦਸੰਬਰ) ਮਹੀਨੇ ਦੀ ਕੜਾਕੇ ਦੀ ਠੰਢ 'ਚ ਜ਼ਮੀਨ 'ਤੇ ਸੌਂਦੇ ਹਨ। ਇਸ ਮਹੀਨੇ ਨਾ ਤਾਂ ਵਿਆਹ ਸਮਾਗਮ ਹੁੰਦੇ ਹਨ ਤੇ ਨਾ ਹੀ ਹੋਰ ਖ਼ੁਸ਼ੀ ਦੇ ਕਾਰਜ ਕੀਤੇ ਜਾਦੇ ਹਨ। ਇਸ ਮਹੀਨੇ ਲੋਕ ਸਾਦੇ ਭੋਜਨ ਨੂੰ ਤਰਜੀਹ ਦਿੰਦੇ ਹਨ। ਇਹ ਰਵਾਇਤ 315 ਸਾਲਾਂ ਤੋਂ ਚੱਲੀ ਆ ਰਹੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ ਤੋਂ ਆਉਣ ਵਾਲੀ ਜ਼ਿਆਦਾਤਰ ਸਿੱਖ ਸੰਗਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੀ ਸਰਾਂ 'ਚ ਜ਼ਮੀਨ 'ਤੇ ਹੀ ਸੌਂਦੀ ਹੈ।
ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵੀ ਫ਼ਤਹਿਗੜ੍ਹ ਸਾਹਿਬ 'ਚ ਹੈ। ਇਸ ਜ਼ਮੀਨ ਨੂੰ 315 ਸਾਲ ਪਹਿਲਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਖ਼ਰੀਦਿਆ ਸੀ। ਟੋਡਰ ਮੱਲ ਨੇ 78 ਹਜ਼ਾਰ ਸੋਨੇ ਦੀਆਂ ਮੋਹਰਾਂ ਚਾਰ ਵਰਗ ਮੀਟਰ ਜ਼ਮੀਨ 'ਤੇ ਵਿਛਾ ਕੇ ਇਹ ਜ਼ਮੀਨ ਖ਼ਰੀਦੀ ਸੀ। ਹੁਣ ਇਸ ਜ਼ਮੀਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ 'ਚ ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਹੈ, ਉਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਨੇੜੇ ਹੀ ਅਸਥੀਆਂ ਜ਼ਮੀਨ ਵਿਚ ਦੱਬੀਆਂ ਗਈਆਂ ਸਨ, ਉਸ ਜਗ੍ਹਾ 'ਤੇ ਸ਼ਸਤਰ ਸੁਸ਼ੋਭਿਤ ਹਨ।
ਜ਼ਿਕਰਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਹੀ ਵਜ਼ੀਦ ਖਾਨ ਦੇ ਜ਼ੁਲਮ ਅੱਗੇ ਨਾ ਝੁਕਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਥਾਨ 'ਤੇ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਨੂੰ ਵਜ਼ੀਦ ਖਾਨ ਵੱਲੋਂ ਜ਼ਿੰਦਾ ਦੀਵਾਰ 'ਚ ਚਿਣਵਾ ਦਿੱਤਾ ਗਿਆ ਸੀ। ਉਸ ਥਾਂ 'ਤੇ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਅਤੇ ਜਿੱਥੇ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ ,ਉਸ ਥਾਂ 'ਤੇ ਭੋਰਾ ਸਾਹਿਬ ਹੈ। ਅੱਜ ਵੀ ਉਹ ਦੀਵਾਰ ਮੌਜੂਦ ਹੈ।