Japanese Delegation News: ਜਪਾਨ ਦੇ ਵਫ਼ਦ ਨੇ ਪਵਿੱਤਰ ਵੇਈਂ ਦਾ ਜਾਣਿਆ ਇਤਿਹਾਸ; ਜਪੁਜੀ ਸਾਹਿਬ ਦਾ ਕੀਤਾ ਪਾਠ
Japanese Delegation News: ਜਪਾਨ ਤੋਂ 31 ਮੈਂਬਰੀ ਵਫ਼ਦ ਪਵਿੱਤਰ ਵੇਈਂ ਦੇ ਦੌਰੇ ਉਪਰ ਹੈ। ਇਸ ਮੌਕੇ ਜਪਾਨੀ ਵਫਦ ਨੇ ਵੇਈਂ ਦਾ ਇਤਿਹਾਸ ਜਾਣਿਆ।
Japanese Delegation News: ਜਪਾਨ ਤੋਂ ਆਏ 31 ਮੈਂਬਰੀ ਵਫ਼ਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਵੇਈਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਜਪਾਨੀ ਵਫ਼ਦ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ 23 ਸਾਲ ਪਹਿਲਾਂ ਇਸ ਇਤਿਹਾਸਿਕ ਵੇਈਂ ਵਿੱਚ ਵੱਡੇ ਪੱਧਰ ’ਤੇ ਫੈਲੇ ਪ੍ਰਦੂਸ਼ਣ ਬਾਰੇ ਜਾਣਿਆ।
ਵਫ਼ਦ ਇਸ ਗੱਲੋਂ ਵੀ ਹੈਰਾਨ ਹੋਇਆ ਕਿ ਕਿਵੇਂ ਪੰਜਾਬ ਦੇ ਲੋਕਾਂ ਨੇ ਮਰ ਚੁੱਕੀ ਵੇਈਂ ਨੂੰ ਮੁੜ ਸੁਰਜੀਤ ਕੀਤਾ ਤੇ ਪੰਜਾਬ ਵਿੱਚ ਵਾਤਾਵਰਣ ਨੂੰ ਲੈ ਕੇ ਵੱਡੀ ਚੇਤਨਾ ਜਾਗ੍ਰਿਤ ਕੀਤੀ ਹੈ। ਪਵਿੱਤਰ ਵੇਈਂ ਉਤੇ ਚਾਰ ਘੰਟੇ ਤੱਕ ਰਹੇ ਇਸ ਵਫਦ ਨੇ ਸਿੱਖ ਇਤਿਹਾਸ, ਨਿਰਮਲਾ ਪੰਥ ਤੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਜਪਾਨੀ ਵਫ਼ਦ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ।
ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਜਪਾਨੀ ਵਫ਼ਦ ਨੇ ਦੱਸਿਆ ਕਿ ਅਗਸਤ ਮਹੀਨੇ ਨੂੰ ਜਪਾਨ ਕਦੇ ਨਹੀਂ ਭੁਲਾ ਸਕਦਾ ਕਿਉਂਕਿ ਉਸਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ਿਮਾ ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ। ਇਨ੍ਹਾਂ ਬੰਬਾਂ ਨੇ ਭਾਰੀ ਤਬਾਹੀ ਮਚਾਈ ਸੀ। ਉਨ੍ਹਾਂ ਕਿਹਾ ਕਿ ਉਹ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਆ ਕੇ ਇਸ ਗੱਲੋਂ ਖੁਸ਼ ਹਨ ਕਿ ਪੂਰੀ ਦੁਨੀਆਂ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਇੱਥੋਂ ਹੀ ਦਿੱਤਾ ਗਿਆ।
ਜਪਾਨੀ ਵਫ਼ਦ ਨੇ ਕਿਹਾ ਕਿ ਪੰਜਾਬ ਉਸੇ ਹੀ ਸੰਦੇਸ਼ ’ਤੇ ਚੱਲ ਰਿਹਾ ਹੈ। ਵਫ਼ਦ ਦਾ ਸਵਾਗਤ ਕਰਦਿਆ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਭਾਰੀ ਤਬਾਹੀ ਹੋਈ ਹੈ। ਇਸੇ ਕਰਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹਾਂ ਦੌਰਾਨ ਟੁੱਟੇ ਬੰਨ੍ਹਾਂ ਨੂੰ ਬੰਨ੍ਹਣ ਵਿੱਚ ਦਿਨ ਰਾਤ ਲੱਗੇ ਹੋਏ ਹਨ।
ਵਫ਼ਦ ਵਿੱਚ ਆਏ ਮੇਗਨਮੀ ਮੁਰਾਮਤਸੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਫ਼ਦ ਨਾਲ ਕਈ ਦੇਸ਼ਾਂ ਦਾ ਦੌਰਾ ਕੀਤਾ ਗਿਆ ਹੈ ਪਰ ਪਵਿੱਤਰ ਵੇਈਂ ਕਿਨਾਰੇ ਆ ਕੇ ਜੋ ਸਕੂਨ ਤੇ ਕੁਦਰਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ ਬਹੁਤ ਹੀ ਵਿਲੱਖਣ ਸੀ।
ਇਹ ਜੱਥਾ ਯੋਗੀ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਪੁੱਜਿਆ ਸੀ। ਇੱਥੇ ਉਨ੍ਹਾਂ ਵੱਲੋਂ ਵੇਈਂ ਕਿਨਾਰੇ ਜਪੁ ਜੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਉਪਰੰਤ ਯੋਗੀ ਅਮਨਦੀਪ ਵੱਲੋਂ ਆਏ ਜੱਥੇ ਨੂੰ ਵੇਈਂ ਦੇ ਇਤਿਹਾਸ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ : Bhakra Dam News: ਬੀਬੀਐਮਬੀ ਦਾ ਬਿਆਨ; ਅਗਲੇ 4-5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ
ਉਨ੍ਹਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਕੁਦਰਤ ਦੀ ਸੰਭਾਲ ਨਾਲ ਵੇਈਂ ਕਿਨਾਰੇ ਆ ਕੇ ਰੂਹਾਨੀਅਤ ਦਾ ਅਨੁਭਵ ਹੁੰਦਾ ਹੈ। ਉਪਰੰਤ ਆਏ ਜੱਥੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਜੱਥੇ ਵੱਲੋਂ ਪਵਿੱਤਰ ਵੇਈਂ ਦੇ ਦਰਸ਼ਨਾਂ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵੀ ਦਰਸ਼ਨ ਕੀਤੇ ਗਏ। ਇਸ ਜੱਥੇ ਵਿੱਚ ਇਜ਼ੂਮੀ ਯਨੋਗੀਮੋਟੋ, ਮੇਗਨਮੀ ਮੁਰਾਮਤਸੂ, ਮੀਨਾਮੀ ੳਟੇਕ, ਚੀਸਾ ਤਸੁਮਾਗਿਮਾ, ਮੇਸਾਈ ਨਬੇਤਾ ਅਤੇ ਮਨਸੋਰੀ ਸੋਗਾਹਾਰਾ ਆਦਿ ਸ਼ਾਮਿਲ ਸੀ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਦਿਲਰਾਜ ਕੌਰ, ਬਲਦੇਵ ਸਿੰਘ, ਨਿਧੀ ਕੌਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ
ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ