Shaheedi Diwas: 9 ਪੋਹ ਨੂੰ ਬਾਕੀ ਸਿੰਘਾਂ ਨੇ ਦੁਸ਼ਮਣਾਂ ਨੂੰ ਮਾਰ-ਮੁਕਾਉਂਦੇ ਹੋਏ ਸ਼ਹਾਦਤ ਦਾ ਪੀਤਾ ਜਾਮ
Shaheedi Diwas: ਸਿੱਖ ਧਰਮ `ਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮ ਦਾਤਿਆਂ ਤੇ ਪੈਰੋਕਾਰਾਂ ਨੇ ਕੀਤੀ ਹੈ।
Shaheedi Diwas: ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਪਿਤਾ ਤੋਂ ਇਜਾਜ਼ਤ ਲਈ ਤੇ ਜੰਗ ਦੇ ਮੈਦਾਨ ਵਿੱਚ ਜੂਝਦੇ ਵਿਸਾਹਘਾਤੀਆਂ ਦਾ ਘਾਣ ਕਰਦੇ ਹੋਏ ਬੀਰਗਤੀ ਪ੍ਰਾਪਤ ਕੀਤੀ। ਉਨ੍ਹਾਂ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਵੀ ਦਸਮੇਸ਼ ਪਿਤਾ ਤੋਂ ਆਸ਼ੀਰਵਾਦ ਲੈ ਕੇ ਯੁੱਧ ਵਿੱਚ ਨਿੱਤਰ ਪਏ ਤੇ ਵੱਡੇ ਪੱਧਰ ਉਤੇ ਦੁਸ਼ਮਣ ਦਾ ਨੁਕਸਾਨ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਦੋਵੇਂ ਸਾਹਿਬਜ਼ਾਦੇ 8 ਪੋਹ, ਬਿਕ੍ਰਮੀ 1761 ਨੂੰ ਚਾਲ਼ੀ ਸਿੰਘਾਂ ਸਮੇਤ ਸ਼ਹੀਦਾਂ ਦੀ ਮਾਣਮੱਤੀ ਪਰੰਪਰਾ ਨਿਭਾ ਗਏ। ਖ਼ਾਲਸਾ ਪੰਥ ਸਾਜਣ ਸਮੇਂ ਗੁਰੂ ਜੀ ਨੇ ਪੰਜ ਪਿਆਰੇ ਸਾਜੇ ਤਾਂ ਬਚਨ ਕੀਤੇ ਸਨ ਕਿ ਪੰਜ ਪਿਆਰੇ ਗੁਰੂ ਜੀ ਨੂੰ ਆਦੇਸ਼ ਦੇ ਸਕਦੇ ਹਨ। ਹਾਲਾਤ ਦੇ ਮੱਦੇਨਜ਼ਰ ਪੰਜਾਂ ਸਿੰਘਾਂ ਨੇ ਗੁਰੂ ਜੀ ਬੇਨਤੀ ਕੀਤੀ ਕਿ ਗੜ੍ਹੀ ਛੱਡ ਕੇ ਚਲੇ ਜਾਓ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਸਿੰਘਾਂ ਨੇ ਕਿਹਾ ਕਿ ਤੁਹਾਡੇ ਬਚਨ ਮੁਤਾਬਕ ਹੁਣ ਅਸੀਂ ਆਪ ਜੀ ਨੂੰ ਗੜ੍ਹੀ ਹੈ ਛੱਡਣ ਲਈ ਅਰਜ਼ ਕਰ ਰਹੇ ਹਾਂ। ਗੁਰੂ ਜੀ ਨੇ ਆਪਣੀ ਥਾਂ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਉਪਰ ਸਜਾ ਦਿੱਤੀ ਜੋ ਗੁਰੂ ਗੋਬਿੰਦ ਸਿੰਘ ਦੇ ਹਮਸ਼ਕਲ ਸਨ। ਗੁਰੂ ਜੀ ਨੇ ਤਿੰਨ ਵਾਰ ਤਾੜੀ ਵਜਾਈ ਤੇ ਲਲਕਾਰ ਕੇ ਕਿਹਾ ਹਿੰਦ ਦਾ ਪੀਰ ਚੱਲਿਆ ਹੈ...
ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਮਾਛੀਵਾੜੇ ਨੂੰ ਚਲੇ ਗਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੇ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਮੁਤਾਬਕ ਮਾਛੀਵਾੜਾ ਸਾਹਿਬ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ।
ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ। ਭਾਈ ਸੰਗਤ ਸਿੰਘ ਜੀ ਨੇ ਗੁਰਸਿੱਖੀ ਦੇ ਅਸੂਲਾਂ ਉਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਆਪਣੇ ਜਿਉਂਦੇ ਜੀਅ ਗੜੀ ਉਤੇ ਦੁਸ਼ਮਣ ਦਾ ਕਬਜ਼ਾ ਨਾ ਹੋਣ ਦਿੱਤਾ। ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ।
ਇਧਰ ਗੜ੍ਹੀ ਵਿੱਚ ਬਚੇ ਬਾਕੀ ਸਿੰਘਾਂ ਨੇ ਮੁਗ਼ਲ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜ੍ਹੀ ਵਿੱਚੋਂ ਨਿਕਲਦੇ ਅਤੇ ਆਪਣੇ ਅੰਤਲੇ ਸਮੇਂ ਤੱਕ ਕਈ ਦੁਸ਼ਮਣਾਂ ਦਾ ਘਾਣ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਦੇ। ਜਦੋਂ ਗੜ੍ਹੀ ਵਿੱਚ ਕੋਈ ਸਿੰਘ ਨਾ ਰਿਹਾ ਤਾਂ ਮੁਗ਼ਲ ਫ਼ੌਜੀਆਂ ਨੂੰ ਖੁਸ਼ੀ ਹੋਈ ਕਿ ਗੋਬਿੰਦ ਸਿੰਘ ਉਨ੍ਹਾਂ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ, ਅਜਿਹਾ ਭਰਮ ਉਨ੍ਹਾਂ ਨੂੰ ਪਹਿਲਾਂ ਵੀ ਸਰਸਾ ਦੇ ਕੰਡੇ ਹੋਇਆ ਸੀ ਜਦੋਂ ਭਾਈ ਉਦੈ ਸਿੰਘ ਦੀ ਸ਼ਹਾਦਤ ਨੂੰ ਮੁਗ਼ਲ ਸੈਨਿਕਾਂ ਨੇ ਗੁਰੂ ਗੋਬਿੰਦ ਸਿੰਘ ਸਮਝ ਲਿਆ ਸੀ ਤੇ ਹੁਣ ਵੀ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝਣ ਦਾ ਭੁਲੇਖਾ ਖਾ ਚੁੱਕੇ ਸਨ।
ਇਹ ਵੀ ਪੜ੍ਹੋ : Shaheedi Diwas Vadde Sahibzade: ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ