SGPC News: ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਝੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਇੱਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਸਾਜ਼ਿਸ਼ੀ ਹੈ, ਇਹ ਸਹਿਵਨ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ।


COMMERCIAL BREAK
SCROLL TO CONTINUE READING

ਉਨ੍ਹਾਂ ਪੰਜਾਬ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦਿਆਂ ਕਿਹਾ ਕਿ ਕਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਧਮਾਕਿਆਂ ਤੇ ਸ਼ਰਧਾਲੂਆਂ ਦੀ ਕੁੱਟਮਾਰ ਦੀਆਂ ਘਟਨਾਵਾਂ ਅਤੇ ਕਦੇ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਸਿੱਖ ਵਿਰੋਧੀ ਵਰਤਾਰਾ ਪੰਜਾਬ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੀ ਹੈ। ਕਿਉਂਕਿ ਜੇਕਰ ਦੋਸ਼ੀਆਂ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਦਾ ਅਜਿਹਾ ਕਰਨ ਦਾ ਹੀਆ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੋ ਕੇ ਬਣਦੀ ਜ਼ਿੰਮੇਵਾਰੀ ਨਿਭਾਵੇ ਤਾਂ ਅਜਿਹੀਆਂ ਸਾਜ਼ਿਸ਼ੀ ਘਟਨਾਵਾਂ ਨਾ ਵਾਪਰਨ।


ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬੀਤੇ ਕੱਲ੍ਹ ਇਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਆਪਣੇ ਮਨਸੂਬਿਆਂ ਵਿੱਚ ਸਫਲ ਹੋ ਰਹੀਆਂ ਹਨ, ਜਿਸ ਨਾਲ ਕੌਮ ਅੰਦਰ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਨੂੰ ਲੜੀਵਾਰ ਨਿਸ਼ਾਨੇ ’ਤੇ ਲਿਆ ਜਾਣਾ ਸਿੱਖਾਂ ਖਿਲਾਫ਼ ਗਹਿਰੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ।


ਇਨ੍ਹਾਂ ਬਣੇ ਹਾਲਾਤ ਕਰਕੇ ਹੀ ਸਿੱਖ ਸ਼ਰਧਾਲੂਆਂ ਤੇ ਸੰਗਤਾਂ ਦੇ ਜਜ਼ਬਾਤ ਭੜਕ ਰਹੇ ਹਨ ਅਤੇ ਲੋਕ ਖੁਦ-ਬਖੁਦ ਕਾਰਵਾਈ ਕਰਨ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਦੀ ਸਰਕਾਰ ਉੱਚ ਪੱਧਰੀ ਜਾਂਚ ਕਰੇ ਤੇ ਇਹ ਪਤਾ ਲਗਾਵੇ ਕਿ ਕਿਹੜੀਆਂ ਸ਼ਕਤੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਾਣ-ਮਰਯਾਦਾ ਨੂੰ ਢਾਹ ਲਗਾਉਣ ਦੀਆਂ ਹਰਕਤਾਂ ਕਰ ਰਹੀਆਂ ਹਨ। ਇਹ ਸੰਜੀਦਾ ਭਾਵਨਾਵਾਂ ਨਾਲ ਕੀਤੀ ਜਾਣ ਵਾਲੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।


ਇਹ ਵੀ ਪੜ੍ਹੋ : Punjab News: ਜਲੰਧਰ 'ਚ 'ਆਪ' ਦੀ ਜਿੱਤ ਤੋਂ ਬਾਅਦ 17 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ


ਐਡਵੋਕੇਟ ਧਾਮੀ ਨੇ ਕਿਹਾ ਕਿ ਘਟਨਾ ਦੌਰਾਨ ਜ਼ਖ਼ਮੀ ਹੋਏ ਸ਼ਰਧਾਲੂ ਸੇਵਾਦਾਰ ਨਾਲ ਸ਼੍ਰੋਮਣੀ ਕਮੇਟੀ ਹਮਦਰਦੀ ਰੱਖਦੀ ਹੈ ਤੇ ਉਸ ਦਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਸੁਚੇਤ ਰੂਪ ਵਿੱਚ ਸਹਿਯੋਗੀ ਭਾਵਨਾਵਾਂ ਨਾਲ ਸੇਵਾਵਾਂ ਨਿਭਾਉਣ ਤਾਂ ਜੋ ਸਿੱਖ ਵਿਰੋਧੀ ਸ਼ਕਤੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ।


ਇਹ ਵੀ ਪੜ੍ਹੋ : CISCE ICSE, ISC Toppers List 2023: ICSE ਤੇ ISC 2023 ਪ੍ਰੀਖਿਆਵਾਂ ਦੇ ਨਤੀਜਿਆਂ 'ਚ ਕੁੜੀਆਂ ਅੱਗੇ; ਵੇਖੋ ਟਾਪਰਾਂ ਦੀ ਸੂਚੀ