ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਭਾਰਤ ਦੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਪਹਿਲੇ ਹੀ ਦਿਨ ਚਾਂਦੀ ਦਾ ਤਮਗਾ ਜਿੱਤਣ 'ਤੇ ਮੁਬਾਰਕਬਾਦ ਦਿੱਤੀ ਹੈ। ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ।
 



COMMERCIAL BREAK
SCROLL TO CONTINUE READING

 ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਕਿ, ''ਸਾਡਾ ਪਹਿਲਾ ਮੈਡਲ, ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ ਓਲੰਪਿਕਸ ਵਿੱਚ ਚਾਂਦੀ ਦਾ ਮੈਡਲ ਜਿੱਤਣ 'ਤੇ ਵਧਾਈਆਂ ਜਿਸ ਨੇ ਔਰਤਾਂ ਦੇ 49 ਕਿਲੋ ਭਾਰ ਵਰਗ ਵਿੱਚ ਕੁੱਲ 202 ਕਿਲੋ ਭਾਰ ਚੁੱਕਿਆ। ਭਾਰਤ ਨੂੰ ਤੁਹਾਡੀ ਇਸ ਪ੍ਰਾਪਤੀ 'ਤੇ ਬਹੁਤ ਮਾਣ ਹੈ।''
ਇਸੇ ਦੌਰਾਨ ਮੁੱਖ ਮੰਤਰੀ ਨੇ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ ਜੋ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਕੋਚਾਂ ਦੇ ਮਾਰਗ ਦਰਸ਼ਨ ਹੇਠ ਚਾਨੂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਹਾਇਕ ਕੋਚ ਸੰਦੀਪ ਕੁਮਾਰ ਜੋ ਜਲੰਧਰ ਦੇ ਬੜਾ ਪਿੰਡ ਦਾ ਰਹਿਣ ਵਾਲਾ ਹੈ, ਨੇ ਖੁਦ ਵੇਟਲਿਫਟਰ ਵਜੋਂ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ 1998 ਦੀਆਂ ਕੁਆਲਾ ਲੰਪਰ ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਪੰਜਾਬ ਪੁਲਿਸ ਦਾ ਇਹ ਇੰਸਪੈਕਟਰ ਇਸ ਵੇਲੇ ਪੀ.ਏ.ਪੀ. ਜਲੰਧਰ ਵਿਖੇ ਸੈਂਟਰ ਸਪੋਰਟਸ ਵਿੱਚ ਤਾਇਨਾਤ ਹੈ।