COMMERCIAL BREAK
SCROLL TO CONTINUE READING

Hockey India League(ਨਵਦੀਪ ਸਿੰਘ ਗਿੱਲ): ਸੱਤ ਸਾਲ ਦੇ ਵਕਫ਼ੇ ਬਾਅਦ ਮੁੜ ਸ਼ੁਰੂ ਹੋ ਰਹੀ ਹੈ ਹਾਕੀ ਇੰਡੀਆ ਲੀਗ ਦੇ ਪੁਰਸ਼ ਵਰਗ ਲਈ ਅੱਠ ਟੀਮਾਂ ਵਾਸਤੇ ਖਿਡਾਰੀਆਂ ਦੀ ਚੋਣ ਵਾਸਤੇ ਅੱਜ ਆਕਸ਼ਨ ਸ਼ੁਰੂ ਹੋ ਗਈ। ਆਕਸ਼ਨ ਵਿੱਚ ਸਭ ਤੋਂ ਵੱਧ ਕੀਮਤ ਭਾਰਤ ਦੇ ਕਪਤਾਨ ਡਰੈਗ ਫਲਿੱਕਰ ਤੇ ਡਿਫੈਂਡਰ ਹਰਮਨਪ੍ਰੀਤ ਸਿੰਘ “ਸਰਪੰਚ” ਦੀ ਲੱਗੀ ਹੈ ਜਿਸ ਨੂੰ ਸੂਰਮਾ ਹਾਕੀ ਕਲੱਬ ਪੰਜਾਬ ਨੇ 78 ਲੱਖ ਰੁਪਏ ਵਿੱਚ ਲਿਆ ਹੈ।


ਹਾਕੀ ਲੀਗ ਵਿੱਚ ਪੁਰਸ਼ ਵਰਗ ਦੇ ਮੁਕਾਬਲੇ 28 ਦਸੰਬਰ 2024 ਤੋਂ 1 ਫਰਵਰੀ 2025 ਤੱਕ ਰੁੜਕੇਲਾ ਵਿਖੇ ਹੋਣਗੇ। ਅੱਜ ਖਿਡਾਰੀਆਂ ਦੀ ਆਕਸ਼ਨ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਪ੍ਰਮੁੱਖ ਖਿਡਾਰੀਆਂ ਦੀ ਆਕਸ਼ਨ ਹੋਈ। ਇਸ ਤੋਂ ਬਾਅਦ ਵਿਦੇਸ਼ੀ ਖਿਡਾਰੀਆਂ ਦੀ ਆਕਸ਼ਨ ਹੋਈ। ਕੱਲ੍ਹ ਤੱਕ ਚੱਲਣ ਵਾਲੀ ਆਕਸ਼ਨ ਵਿੱਚ ਜੂਨੀਅਰ ਤੇ ਕੁਝ ਸਾਬਕਾ ਖਿਡਾਰੀ ਵੀ ਸ਼ਾਮਲ ਹਨ।


ਪੰਜਾਬ ਦੀ ਟੀਮ ਸੂਰਮਾ ਹਾਕੀ ਕਲੱਬ ਪੰਜਾਬ ਨੇ ਹਰਮਨਪ੍ਰੀਤ ਸਿੰਘ (78 ਲੱਖ ਰੁਪਏ), ਮੱਧ ਪ੍ਰਦੇਸ਼ ਦੇ ਫਾਰਵਰਡ ਵਿਵੇਕ ਸਾਗਰ ਪ੍ਰਸ਼ਾਦ (40 ਲੱਖ ਰੁਪਏ) ਤੇ ਪੰਜਾਬ ਦੇ ਖਿਡਾਰੀ ਲੈਫਟ ਵਿੰਗਰ ਗੁਰਜੰਟ ਸਿੰਘ (19 ਲੱਖ ਰੁਪਏ) ਨੂੰ ਲਿਆ ਹੈ। ਆਂਧਰਾ ਪ੍ਰਦੇਸ਼ ਦੀ ਟੀਮ ਗੋਨਸੀਕਾ ਵਿਸ਼ਾਖਾਪਟਨਮ ਨੇ ਚਾਰ ਓਲੰਪਿਕਸ ਖੇਡਣ ਵਾਲੇ ਸਾਬਕਾ ਕਪਤਾਨ ਮਿਡਫੀਲਡਰ ਮਨਪ੍ਰੀਤ ਸਿੰਘ (42 ਲੱਖ ਰੁਪਏ) ਤੇ ਫਾਰਵਰਡ ਮਨਦੀਪ ਸਿੰਘ (25 ਲੱਖ ਰੁਪਏ) ਨੂੰ ਲਿਆ ਹੈ। ਦੋਵੇਂ ਮਿੱਠਾਪੁਰ ਪਿੰਡ ਦੇ ਵਸਨੀਕ ਹਨ।


ਉੱਤਰ ਪ੍ਰਦੇਸ਼ ਦੀ ਟੀਮ ਯੂ.ਪੀ. ਰੁਦਰਾਜ਼ ਨੇ ਭਾਰਤੀ ਟੀਮ ਦੇ ਵਾਈਸ ਕਪਤਾਨ ਮਿਡਫੀਲਡਰ ਹਾਰਦਿਕ ਸਿੰਘ (70 ਲੱਖ ਰੁਪਏ) ਤੇ ਉੱਤਰ ਪ੍ਰਦੇਸ਼ ਦੇ ਸਥਾਨਕ ਖਿਡਾਰੀ ਲਲਿਤ ਉਪਾਧਿਆਏ (28 ਲੱਖ ਰੁਪਏ) ਨੂੰ ਲਿਆ ਹੈ। ਪੱਛਮੀ ਬੰਗਾਲ ਦੀ ਟੀਮ ਬੰਗਾਲ ਟਾਈਗਰਜ਼ ਨੇ ਸਟਰਾਈਕਰ ਅਭਿਸ਼ੇਕ (72 ਲੱਖ ਰੁਪਏ), ਅਟਾਰੀ ਦੇ ਡਿਫੈਂਡਰ ਤੇ ਡਰੈਗ ਫਲਿੱਕਰ ਜੁਗਰਾਜ ਸਿੰਘ (48 ਲੱਖ ਰੁਪਏ) ਤੇ ਪੰਜਾਬ ਦੇ ਇੱਕ ਹੋਰ ਫਾਰਵਰਡ ਖਿਡਾਰੀ ਸੁਖਜੀਤ ਸਿੰਘ (42 ਲੱਖ ਰੁਪਏ) ਨੂੰ ਲਿਆ ਹੈ।


ਕੌਮੀ ਰਾਜਧਾਨੀ ਦੀ ਟੀਮ ਦਿੱਲੀ ਪਾਈਪਰਜ਼ ਨੇ ਪੰਜਾਬ ਦੇ ਫਾਰਵਰਡ ਖਿਡਾਰੀ ਸ਼ਮਸ਼ੇਰ ਸਿੰਘ (42 ਲੱਖ ਰੁਪਏ) ਤੇ ਪੰਜਾਬ ਦੇ ਇਕ ਹੋਰ ਮਿਡਫੀਲਡਰ ਜਰਮਨਪ੍ਰੀਤ ਸਿੰਘ (38 ਲੱਖ ਰੁਪਏ) ਨੂੰ ਲਿਆ ਹੈ। ਤੇਲੰਗਾਨਾ ਦੀ ਟੀਮ ਹੈਦਰਾਬਾਦ ਤੂਫਾਨਜ਼ ਨੇ ਸੁਮਿਤ ਕੁਮਾਰ (46 ਲੱਖ ਰੁਪਏ) ਤੇ ਉਤਰ ਪੂਰਬ ਦੇ ਫਾਰਵਰਡ ਖਿਡਾਰੀ ਨੀਲਕਾਂਤਾ ਸ਼ਰਮਾ (34 ਲੱਖ ਰੁਪਏ) ਨੇ ਲਿਆ ਹੈ।ਉੜੀਸ਼ਾ ਦੀ ਟੀਮ ਕਲਿੰਗਾ ਲਾਸਰਜ਼ ਨੇ ਡਿਫੈਂਡਰ ਸੰਜੇ (38 ਲੱਖ ਰੁਪਏ) ਤੇ ਪੰਜਾਬ ਦੇ ਵਸਨੀਕ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ (32 ਲੱਖ ਰੁਪਏ) ਨੂੰ ਲਿਆ ਹੈ। ਦੱਖਣੀ ਭਾਰਤ ਦੇ ਸੂਬੇ ਦੀ ਟੀਮ ਤਾਮਿਲਨਾਡੂ ਡਰੈਗਨਜ਼ ਨੇ ਡਿਫੈਂਡਰ ਅਮਿਤ ਰੋਹੀਦਾਸ (48 ਲੱਖ ਰੁਪਏ) ਨੂੰ ਲਿਆ ਹੈ।