IND vs BAN Women's Asia Cup: ਭਾਰਤੀ ਮਹਿਲਾ ਟੀਮ ਨੇ ਮਹਿਲਾ ਏਸ਼ੀਆ ਕੱਪ ਟੀ-20 ਦੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਐਂਟਰੀ ਕਰ ਲਈ ਹੈ। ਸ਼ੁੱਕਰਵਾਰ ਨੂੰ ਦਾਂਬੁਲਾ 'ਚ ਖੇਡੇ ਗਏ ਸੈਮੀਫਾਈਨਲ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਅੱਠ ਵਿਕਟਾਂ ਗੁਆ ਕੇ 80 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਨੇ ਬਿਨਾਂ ਕੋਈ ਵਿਕਟ ਗੁਆਏ 11 ਓਵਰਾਂ 'ਚ ਇਹ ਟੀਚਾ ਹਾਸਲ ਕਰ ਲਿਆ।


COMMERCIAL BREAK
SCROLL TO CONTINUE READING

ਸਮ੍ਰਿਤੀ ਮੰਧਾਨਾ 39 ਗੇਂਦਾਂ ਵਿੱਚ 55 ਦੌੜਾਂ ਬਣਾ ਕੇ ਨਾਬਾਦ ਰਹੀ ਅਤੇ ਸ਼ੈਫਾਲੀ ਵਰਮਾ 26 ਦੌੜਾਂ ਬਣਾ ਕੇ ਨਾਬਾਦ ਰਹੀ। ਮੰਧਾਨਾ ਨੇ ਆਪਣੀ ਪਾਰੀ 'ਚ ਨੌਂ ਚੌਕੇ ਤੇ ਇਕ ਛੱਕਾ ਲਗਾਇਆ, ਜਦਕਿ ਸ਼ੈਫਾਲੀ ਨੇ ਦੋ ਚੌਕੇ ਲਗਾਏ।


ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਰੇਣੂਕਾ ਠਾਕੁਰ ਅਤੇ ਸਪਿਨਰ ਰਾਧਾ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ 'ਤੇ 80 ਦੌੜਾਂ 'ਤੇ ਰੋਕ ਦਿੱਤਾ ਸੀ।


ਰੇਣੁਕਾ ਨੇ ਪਾਰੀ ਦੀ ਸ਼ੁਰੂਆਤ ਵਿੱਚ ਲਗਾਤਾਰ ਚਾਰ ਓਵਰ ਸੁੱਟੇ ਅਤੇ 10 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਿੱਥੇ ਉਸਨੇ ਬੰਗਲਾਦੇਸ਼ ਦੇ ਟੌਪ ਆਰਡਰ ਨੂੰ ਹਿਲਾ ਕੇ ਰੱਖ ਦਿੱਤਾ, ਰਾਧਾ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।


ਬੰਗਲਾਦੇਸ਼ ਲਈ ਕਪਤਾਨ ਨਿਗਾਰ ਸੁਲਤਾਨਾ ਨੇ 51 ਗੇਂਦਾਂ 'ਚ 32 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਸ਼ੋ੍ਰਨਾ ਅਖਤਰ ਨੇ ਅਜੇਤੂ 19 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਸੱਤਵੇਂ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਲਿਆਂਦਾ।


ਕਪਤਾਨ ਸੁਲਤਾਨਾ ਨੇ ਇੱਕ ਸਿਰੇ ਤੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਸੱਤਵੇਂ ਅਤੇ 10ਵੇਂ ਓਵਰਾਂ ਦੇ ਵਿਚਕਾਰ ਸੱਤ ਦੌੜਾਂ ਲਗਾਈਆਂ ਅਤੇ ਇਸ ਦੌਰਾਨ ਰਾਧਾ ਨੇ ਰੁਮਾਨਾ ਅਹਿਮਦ ਨੂੰ ਆਊਟ ਕਰ ਕੇ ਸ਼ਿਕੰਜਾ ਕੱਸ ਦਿੱਤਾ।


ਇਸ ਤੋਂ ਬਾਅਦ ਸੁਲਤਾਨਾ ਨੂੰ ਸ਼ੋਰਨਾ ਦੇ ਰੂਪ 'ਚ ਚੰਗਾ ਸਾਥ ਮਿਲਿਆ ਅਤੇ ਦੋਵਾਂ ਨੇ 35 ਗੇਂਦਾਂ 'ਚ 36 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਕੁਝ ਹੱਦ ਤੱਕ ਸੰਘਰਸ਼ ਕਰਨ ਯੋਗ ਸਕੋਰ ਤੱਕ ਪਹੁੰਚਾਇਆ। ਰਾਧਾ ਨੇ ਦੀਪਤੀ ਨੂੰ ਕੈਚ ਕਰਵਾ ਕੇ ਸੁਲਤਾਨਾ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।


ਇਸ ਜਿੱਤ ਨਾਲ ਭਾਰਤੀ ਟੀਮ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ। ਮਹਿਲਾ ਏਸ਼ੀਆ ਕੱਪ 2004 ਵਿੱਚ ਸ਼ੁਰੂ ਹੋਇਆ ਸੀ ਅਤੇ ਟੀਮ ਇੰਡੀਆ ਉਦੋਂ ਚੈਂਪੀਅਨ ਬਣੀ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਅੱਠਵਾਂ ਏਸ਼ੀਆ ਕੱਪ ਖਿਤਾਬ ਜਿੱਤਣ ਦੇ ਮਿਸ਼ਨ 'ਤੇ ਹੈ।