Paris Olympics: ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਨੇ ਰਚਿਆ ਇਤਿਹਾਸ; ਨਿਸ਼ਾਨੇਬਾਜ਼ੀ `ਚ ਜਿੱਤਿਆ ਕਾਂਸੀ ਦਾ ਮੈਡਲ
Manu Bhaker Paris Olympics 2024: ਭਾਰਤੀ ਮਹਿਲਾ ਨਿਸ਼ਾਨੇਬਾਜ਼ ਨੇ ਮੈਡਲ ਦੇ ਸੋਕਾ ਦਾ ਖਾਤਮਾ ਕਰਦੇ ਹੋਏ ਅੱਜ ਪਹਿਲਾਂ ਕਾਂਸੀ ਦਾ ਮੈਡਲ ਜਿੱਤਿਆ ਹੈ।
Manu Bhaker Paris Olympics 2024: ਪੈਰਿਸ ਓਲੰਪਿਕ ਵਿੱਚ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਦਰਅਸਲ ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਉਸਨੇ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਮਨੂ ਨੇ 10 ਮੀਟਰ ਏਅਰ ਪਿਸਟਲ ਵਿੱਚ ਇਹ ਉਪਲਬਧੀ ਹਾਸਲ ਕੀਤੀ। 22 ਸਾਲਾ ਮਨੂ 221.7 ਅੰਕਾਂ ਨਾਲ ਤੀਜੇ ਨੰਬਰ 'ਤੇ ਰਹੀ। ਕੋਰੀਆ ਦੇ ਓਹ ਯੇ ਜਿਨ ਨੇ 243.2 ਦਾ ਓਲੰਪਿਕ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ। ਜਦਕਿ ਉਸ ਦੇ ਦੇਸ਼ ਦੀ ਯੇਜੀ ਕਿਮ ਨੇ 241.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਭਾਰਤ ਨੇ 12 ਸਾਲ ਬਾਅਦ ਓਲੰਪਿਕ ਸ਼ੂਟਿੰਗ ਵਿੱਚ ਤਮਗਾ ਜਿੱਤਿਆ ਹੈ। ਪਿਛਲੀ ਵਾਰ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤੇ ਸਨ। ਨਾਰੰਗ ਨੇ ਕਾਂਸੀ ਜਦਕਿ ਵਿਜੇ ਨੇ ਚਾਂਦੀ ਦਾ ਤਗਮਾ ਜਿੱਤਿਆ। ਗਗਨ 2024 ਵਿੱਚ ਭਾਰਤੀ ਟੀਮ ਦੇ ਮੁਖੀ ਵਜੋਂ ਪੈਰਿਸ ਗਏ ਹਨ।
ਮਨੂ ਨੇ ਪੈਰਿਸ ਓਲੰਪਿਕ 'ਚ ਭਾਰਤ ਨੂੰ ਆਪਣਾ ਪਹਿਲਾ ਮੈਡਲ ਦਿਵਾਇਆ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਕਰ ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ ਦੇ ਮਾੜੇ ਦੌਰ ਨੂੰ ਪਿੱਛੇ ਛੱਡਣ 'ਚ ਸਫਲ ਰਹੀ। ਪਿਸਤੌਲ ਖ਼ਰਾਬ ਹੋਣ ਕਾਰਨ ਟੋਕੀਓ ਵਿੱਚ ਉਸ ਦੀ ਮੁਹਿੰਮ ਅੱਗੇ ਨਹੀਂ ਵਧ ਸਕੀ, ਜਿਸ ਕਾਰਨ ਉਹ ਭਾਵੁਕ ਹੋ ਗਈ ਸੀ। ਇੱਥੋਂ ਦੇ ਨੈਸ਼ਨਲ ਸ਼ੂਟਿੰਗ ਸੈਂਟਰ ਵਿੱਚ ਕਰੀਬ ਇੱਕ ਘੰਟਾ 15 ਮਿੰਟ ਤੱਕ ਚੱਲੇ ਇਸ ਸੈਸ਼ਨ ਵਿੱਚ ਉਸ ਨੇ ਇਕਾਗਰਤਾ ਅਤੇ ਧੀਰਜ ਬਣਾਈ ਰੱਖਿਆ ਤੇ 2012 ਦੇ ਲੰਡਨ ਓਲੰਪਿਕ ਤੋਂ ਬਾਅਦ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਕੋਈ ਤਗ਼ਮਾ ਨਹੀਂ ਜਿੱਤਿਆ ਸੀ ਤੇ ਹੁਣ ਭਾਕਰ ਨੇ ਤਗ਼ਮੇ ਦਾ ਸੋਕਾ ਖ਼ਤਮ ਕਰ ਦਿੱਤਾ ਹੈ।
ਨਿਸ਼ਾਨੇਬਾਜ਼ ਮਨੂ ਭਾਕਰ ਨੇ ਪਿਸਟਲ ਸ਼ੂਟਿੰਗ 'ਚ ਆਪਣੀ ਬੇਮਿਸਾਲ ਮੁਹਾਰਤ ਨਾਲ ਅੰਤਰਰਾਸ਼ਟਰੀ ਖੇਤਰ 'ਚ ਆਪਣਾ ਨਾਂ ਬਣਾਇਆ ਹੈ। ਝੱਜਰ ਹਰਿਆਣਾ ਦੀ ਰਹਿਣ ਵਾਲੀ, ਮਨੂ ਦਾ ਜਨਮ 18 ਫਰਵਰੀ, 2002 ਨੂੰ ਹੋਇਆ ਸੀ ਅਤੇ ਉਹ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਭ ਤੋਂ ਹੋਣਹਾਰ ਨੌਜਵਾਨ ਅਥਲੀਟਾਂ ਵਿੱਚੋਂ ਇੱਕ ਹੈ। ਮਨੂ ਨੇ ਛੋਟੀ ਉਮਰ ਤੋਂ ਹੀ ਖੇਡਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਨਿਸ਼ਾਨੇਬਾਜ਼ੀ ਵਿੱਚ ਆਪਣਾ ਜਨੂੰਨ ਲੱਭਣ ਤੋਂ ਪਹਿਲਾਂ ਮੁੱਕੇਬਾਜ਼ੀ, ਟੈਨਿਸ ਅਤੇ ਸਕੇਟਿੰਗ ਵਰਗੀਆਂ ਹੋਰ ਖੇਡਾਂ ਖੇਡੀਆਂ ਸਨ।