Paris Olympics 2024: ਪੈਰਿਸ ਓਲੰਪਿਕ 2024 ਦੇ ਪਹਿਲੇ ਦਿਨ (27 ਜੁਲਾਈ) ਨੂੰ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਨਿਸ਼ਾਨੇਬਾਜ਼ ਮਨੂ ਭਾਕਰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਮਨੂ ਭਾਕਰ 60 ਸ਼ਾਟ ਦੇ ਕੁਆਲੀਫਾਇੰਗ ਦੌਰ ਵਿੱਚ ਕੁੱਲ 580 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ।


COMMERCIAL BREAK
SCROLL TO CONTINUE READING

ਹਾਲਾਂਕਿ ਇਸੇ ਈਵੈਂਟ 'ਚ ਰਿਦਮ ਸਾਂਗਵਾਨ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਉਹ 15ਵੇਂ ਸਥਾਨ 'ਤੇ ਰਹੀ। ਉਹ ਯੋਗਤਾ ਵਿੱਚ ਸਿਰਫ਼ 573 ਅੰਕ ਹੀ ਹਾਸਲ ਕਰ ਸਕੀ। ਹੰਗਰੀ ਦੀ ਵੇਰੋਨਿਕਾ ਮੇਜਰ ਨੇ ਪਹਿਲਾ ਅਤੇ ਦੱਖਣੀ ਕੋਰੀਆ ਦੀ ਜਿਨ ਯੇ ਓਹ ਦੂਜੇ ਸਥਾਨ 'ਤੇ ਰਹਿ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਮਨੂ ਭਾਕਰ ਦਾ ਫਾਈਨਲ ਕੱਲ੍ਹ (28 ਜੁਲਾਈ) ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3.30 ਵਜੇ ਹੋਵੇਗਾ।


22 ਸਾਲ ਦੀ ਮਨੂ ਪੈਰਿਸ ਓਲੰਪਿਕ 'ਚ ਸ਼ੂਟਿੰਗ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ। ਉਸ ਨੇ ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਦਿੱਤਾ। ਪਿਛਲੀਆਂ ਓਲੰਪਿਕ ਖੇਡਾਂ ਵਿੱਚ ਉਹ ਇਸੇ ਈਵੈਂਟ ਵਿੱਚ 12ਵੇਂ ਸਥਾਨ ’ਤੇ ਰਹੀ ਸੀ। ਫਿਰ ਉਸ ਦੇ ਪਿਸਤੌਲ ਵਿੱਚ ਸਮੱਸਿਆ ਆ ਗਈ ਅਤੇ ਇਸ ਕਾਰਨ ਉਹ ਪਿੱਛੇ ਰਹਿ ਗਈ ਅਤੇ ਫਾਈਨਲ ਵਿੱਚ ਨਹੀਂ ਜਾ ਸਕੀ।


ਇਸ ਤੋਂ ਪਹਿਲਾਂ ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਪੜਾਅ 'ਚ ਬਾਹਰ ਹੋ ਗਏ ਸਨ। ਇਸ ਈਵੈਂਟ ਵਿੱਚ ਦੋ ਭਾਰਤੀ ਜੋੜਿਆਂ ਨੇ ਹਿੱਸਾ ਲਿਆ ਸੀ। ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੇ, ਜਦਕਿ ਇਲਾਵੇਨਿਲ ਵਲਾਰੀਵਨ ਅਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ 'ਤੇ ਰਹੇ। ਰਮਿਤਾ ਅਤੇ ਅਰਜੁਨ ਦੀ ਜੋੜੀ ਨੇ ਇੱਕ ਵਾਰ ਉਮੀਦ ਜਗਾਈ ਸੀ। ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦਿਆਂ ਪੰਜਵੇਂ ਸਥਾਨ 'ਤੇ ਸੀ, ਪਰ ਅੰਤ ਵਿੱਚ ਤਮਗਾ ਦੌਰ ਲਈ ਕੱਟ-ਆਫ ਤੋਂ 1.0 ਅੰਕ ਪਿੱਛੇ ਰਹਿ ਗਈ।