ICC ODI Rankings:ICC ਰੈਂਕਿੰਗ `ਚ ਰੋਹਿਤ ਸ਼ਰਮਾ ਨੂੰ ਮਿਲਿਆ ਫਾਇਦਾ, TOP 5 ਵਿੱਚ ਤਿੰਨ ਭਾਰਤੀ ਖਿਡਾਰੀ
ICC ODI Rankings: ਰੋਹਿਤ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ `ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸਨੇ 3 ਮੈਚਾਂ ਵਿੱਚ 52.33 ਦੀ ਔਸਤ ਅਤੇ 141.44 ਦੀ ਸਟ੍ਰਾਈਕ ਰੇਟ ਨਾਲ 157 ਦੌੜਾਂ ਬਣਾਈਆਂ।
ICC ODI Rankings: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਤੋਂ ਬਾਅਦ ICC ਵੱਲੋਂ ਨਵੀਂ ਰੈਂਕਿੰਗ ਜਾਰੀ ਕੀਤੀ ਗਈ ਹੈ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਜ਼ਬਰਦਸਤ ਫਾਇਦਾ ਹੋਇਆ ਹੈ। ਹਾਲਾਂਕਿ ਭਾਰਤ ਦੇ ਉਪ ਕਪਤਾਨ ਸ਼ੁਭਮਨ ਗਿੱਲ ਨੂੰ ਮਾਮੂਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਦਾ ਨੰਬਰ ਇਕ ਸਥਾਨ ਅਜੇ ਵੀ ਬਰਕਰਾਰ ਹੈ।
ਰੋਹਿਤ ਸ਼ਰਮਾ ICC ਵਨਡੇ ਰੈਂਕਿੰਗ 'ਚ ਦੂਜੇ ਸਥਾਨ 'ਤੇ
ICC ਵੱਲੋਂ ਜਾਰੀ ਨਵੀਂ ਰੈਂਕਿੰਗ 'ਚ ਪਾਕਿਸਤਾਨ ਦੇ ਬਾਬਰ ਆਜ਼ਮ ਪਹਿਲੇ ਨੰਬਰ 'ਤੇ ਹਨ। ਬਾਬਰ ਆਜ਼ਮ ਦੀ ਰੈਂਕਿੰਗ ਇਸ ਸਮੇਂ 824 ਹੈ। ਭਾਰਤ ਦਾ ਰੋਹਿਤ ਸ਼ਰਮਾ ਹੁਣ ਇਕ ਸਥਾਨ ਦੀ ਛਾਲ ਨਾਲ ਦੂਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਦੀ ਰੇਟਿੰਗ ਹੁਣ ਵਧ ਕੇ 765 ਹੋ ਗਈ ਹੈ। ਇਸ ਦੌਰਾਨ ਸ਼ੁਭਮਨ ਗਿੱਲ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ, ਉਹ ਦੂਜੇ ਤੋਂ ਸਿੱਧੇ ਤੀਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਦੀ ਰੇਟਿੰਗ ਡਿੱਗ ਕੇ 763 ਹੋ ਗਈ ਹੈ। ਭਾਵ ਰੋਹਿਤ ਅਤੇ ਸ਼ੁਭਮਨ ਲਗਭਗ ਬਰਾਬਰੀ 'ਤੇ ਹਨ, ਕੋਈ ਵੀ ਖਿਡਾਰੀ ਕਿਸੇ ਵੀ ਸਮੇਂ ਬਾਜ਼ੀ ਮਾਰ ਸਕਦਾ ਹੈ।
ਵਿਰਾਟ ਕੋਹਲੀ ਚੌਥੇ ਨੰਬਰ 'ਤੇ
ਭਾਰਤ ਦੇ ਵਿਰਾਟ ਕੋਹਲੀ ਹੁਣ ਚੌਥੇ ਨੰਬਰ 'ਤੇ ਹਨ। ਹਾਲਾਂਕਿ, ਉਨ੍ਹਾਂ ਦੀ ਰੇਟਿੰਗ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਕੋਹਲੀ ਦੀ ਰੇਟਿੰਗ ਹੁਣ 746 ਹੋ ਗਈ ਹੈ। ਆਇਰਲੈਂਡ ਦੇ ਹੈਰੀ ਟੈਕਟਰ ਦੀ ਵੀ ਇਹੀ ਰੇਟਿੰਗ ਹੈ। ਉਹ ਕੋਹਲੀ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਨੰਬਰ 'ਤੇ ਹੈ। ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ 728 ਦੀ ਰੇਟਿੰਗ ਨਾਲ 6ਵੇਂ ਨੰਬਰ 'ਤੇ ਬਰਕਰਾਰ ਹਨ। ਡੇਵਿਡ ਵਾਰਨਰ 723 ਦੀ ਰੇਟਿੰਗ ਨਾਲ 7ਵੇਂ ਨੰਬਰ 'ਤੇ ਬਰਕਰਾਰ ਹਨ। ਸ਼੍ਰੀਲੰਕਾ ਦੇ ਪਥੁਮ ਨਿਸਾਂਕਾ ਨੂੰ ਵੀ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 708 ਦੀ ਰੇਟਿੰਗ ਨਾਲ ਅੱਠਵੇਂ ਨੰਬਰ 'ਤੇ ਆ ਗਏ ਹਨ।
ਡੇਵਿਡ ਮਲਾਨ ਨੂੰ ਵੀ ਮਾਮੂਲੀ ਨੁਕਸਾਨ ਹੋਇਆ
ਇੰਗਲੈਂਡ ਦੇ ਡੇਵਿਡ ਮਲਾਨ ਨੂੰ ਇਕ ਸਥਾਨ ਦਾ ਨੁਕਸਾਨ ਝੱਲਣਾ ਪਿਆ ਹੈ। ਉਹ ਹੁਣ 707 ਦੀ ਰੇਟਿੰਗ ਨਾਲ ਨੌਵੇਂ ਨੰਬਰ 'ਤੇ ਪਹੁੰਚ ਗਏ ਹਨ। ਉਥੇ ਹੀ ਦੱਖਣੀ ਅਫਰੀਕਾ ਦਾ ਰੋਸੀ ਵੈਂਡਰ ਡੁਸਨ 701 ਦੀ ਰੇਟਿੰਗ ਨਾਲ 10ਵੇਂ ਨੰਬਰ 'ਤੇ ਹੈ। ਟੀਮ ਇੰਡੀਆ ਦੇ ਖਿਡਾਰੀ ਲੰਬੇ ਸਮੇਂ ਤੋਂ ਕੋਈ ਵਨਡੇ ਮੈਚ ਨਹੀਂ ਖੇਡ ਰਹੇ ਹਨ। ਅਜਿਹੇ 'ਚ ਉਸ ਦੀ ਰੇਟਿੰਗ 'ਚ ਫਿਲਹਾਲ ਕੋਈ ਬਦਲਾਅ ਨਹੀਂ ਹੋਵੇਗਾ। ਇਹ ਦੇਖਣਾ ਬਾਕੀ ਹੈ ਕਿ ਇਸ ਦਾ ਖੇਡਣ ਵਾਲੇ ਦੂਜੇ ਖਿਡਾਰੀਆਂ ਦੀ ਰੇਟਿੰਗ 'ਤੇ ਕੀ ਅਸਰ ਪੈਂਦਾ ਹੈ।