World Glaucoma Day: ਸਿਆਣੇ ਆਖਦੇ ਨੇ ਕਿ ਕੰਨ ਗਏ ਤਾਂ ਰਾਗ ਗਿਆ। ਦੰਦ ਗਏ ਤਾਂ ਸੁਆਦ ਗਿਆ। ਅੱਖਾਂ ਗਈਆਂ ਤਾਂ ਜਹਾਨ ਗਿਆ। ਇਨਸਾਨ ਦੇ ਸਰੀਰ ਦੇ ਸਾਰੇ ਅੰਗਾਂ ਦੀ ਆਪਣੀ ਅਹਿਮਤੀਅਤ ਹੈ। ਅੱਖਾਂ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਅਤੇ ਇਨ੍ਹਾਂ ਦੀ ਸੰਭਾਲ ਕਾਫੀ ਜ਼ਰੂਰੀ ਹੈ। 
ਪਰ ਸਮੇਂ ਦੇ ਨਾਲ-ਨਾਲ ਨੇਤਰ ਕਈ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ।


COMMERCIAL BREAK
SCROLL TO CONTINUE READING

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਅੱਖਾਂ ਨਾਲ ਸਬੰਧਤ ਕਈ ਬਿਮਾਰੀਆਂ ਵਿੱਚ ਵਾਧਾ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਗਲਾਕੋਮਾ ਜਾਂ ਕਾਲੀਆ ਮੋਤੀਆ ਇੱਕ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਾਲਾ ਮੋਤੀਆਬਿੰਦ ਦੀ ਸਮੱਸਿਆ ਵੀ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਹੈ। ਵਿਸ਼ਵ ਗਲਾਕੋਮਾ ਦਿਵਸ ਹਰ ਸਾਲ 12 ਮਾਰਚ ਨੂੰ ਇਸ ਗੰਭੀਰ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਇਸ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ।


ਹਰ 8ਵਾਂ ਵਿਅਕਤੀ ਗਲਾਕੋਮਾ ਤੋਂ ਪੀੜਤ
ਇਕ ਖੋਜ ਮੁਤਾਬਕ ਦੇਸ਼ ਦਾ ਹਰ 8ਵਾਂ ਵਿਅਕਤੀ ਗਲਾਕੋਮਾ ਤੋਂ ਪੀੜਤ ਹੈ। 11.2 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਤੇ 1.1 ਮਿਲੀਅਨ ਲੋਕ ਅੰਨ੍ਹੇ ਹਨ। ਹੈਰਾਨੀ ਦੀ ਗੱਲ ਹੈ ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਅੱਧੇ ਤੋਂ ਵੱਧ ਲੋਕ ਆਪਣੀ ਬਿਮਾਰੀ ਤੋਂ ਅਣਜਾਣ ਹਨ। ਪ੍ਰੋ. ਐਸ ਐਸ ਪਾਂਡਵ ਮੁਤਾਬਕ ਐਡਵਾਂਸਡ ਆਈ ਸੈਂਟਰ ਨੇ ਅਪ੍ਰੈਲ 2023 ਤੋਂ ਫਰਵਰੀ 2024 ਦਰਮਿਆਨ 4352 ਨਵੇਂ ਰਜਿਸਟਰਡ ਅਤੇ 25452 ਫਾਲੋ-ਅੱਪ ਮਰੀਜ਼ਾਂ ਦਾ ਇਲਾਜ ਕੀਤਾ। ਇਸ ਮਰਜ਼ ਦਾ ਖ਼ਤਰਾ 40 ਸਾਲਾਂ ਤੋਂ ਬਾਅਦ ਵੱਧ ਜਾਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਨਿਯਮਤ ਜਾਂਚ ਜ਼ਰੂਰੀ ਹੈ। ਮਾਹਿਰਾਂ ਦਾ ਕਹਿਣਾ ਹੈ ਗਲਾਕੋਮਾ ਦੀ ਬਿਮਾਰੀ ਭੈਣ-ਭਰਾ ਵਿੱਚ ਜ਼ਿਆਦਾ ਪਾਈ ਜਾਂਦੀ ਹੈ।


ਗਲਾਕੋਮਾ ਕੀ ਹੈ?
ਗਲਾਕੋਮਾ ਅੱਖਾਂ ਦੀ ਇੱਕ ਬਿਮਾਰੀ ਹੈ ਜੋ ਆਪਟਿਕ ਨਸਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਆਪਟਿਕ ਨਸਾਂ ਤੁਹਾਡੀਆਂ ਅੱਖਾਂ ਤੋਂ ਤੁਹਾਡੇ ਦਿਮਾਗ ਤੱਕ ਵਿਜ਼ੂਅਲ ਜਾਣਕਾਰੀ ਭੇਜਦੀਆਂ ਹਨ। ਕਿਸੇ ਕਾਰਨ ਅੱਖ ਵਿੱਚ ਜ਼ਿਆਦਾ ਦਬਾਅ ਇਨ੍ਹਾਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਕਾਲੀਆ ਮੋਤੀਆ ਦਾ ਜ਼ਿਆਦਾ ਖ਼ਤਰਾ ਬਣਿਆ ਰਹਿੰਦਾ ਹੈ। ਕਾਲੀਆ ਮੋਤੀਆ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਪਰ ਬਜ਼ੁਰਗ ਲੋਕਾਂ ਵਿੱਚ ਵਧੇਰੇ ਆਮ ਹੁੰਦਾ ਹੈ। ਇਹ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਂਦੇ ਹੋ ਤਾਂ ਇਹ ਅੱਖਾਂ 'ਤੇ ਦਬਾਅ ਦਾ ਪਤਾ ਲਗਾਉਣ ਅਤੇ ਸਮੇਂ ਸਿਰ ਕਾਲੇ ਮੋਤੀਆ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ।


ਕਾਲਾ ਮੋਤੀਆ ਦੇ ਲੱਛਣ?
ਸਿਹਤ ਮਾਹਿਰ ਦੱਸਦੇ ਹਨ ਕਿ ਕਾਲਾ ਮੋਤੀਆ ਦੇ ਲੱਛਣ ਬਿਮਾਰੀ ਦੀ ਸਥਿਤੀ ਤੇ ਇਸ ਦੀਆਂ ਕਿਸਮਾਂ 'ਤੇ ਨਿਰਭਰ ਕਰਦੇ ਹਨ। ਸ਼ੁਰੂਆਤੀ ਪੜਾਵਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਪਰ ਸਮੇਂ ਦੇ ਨਾਲ ਇਹ ਘੱਟ ਨਜ਼ਰ ਜਾਂ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਗਲਾਕੋਮਾ ਵਧਣ ਕਾਰਨ ਤੁਹਾਨੂੰ ਵਾਰ-ਵਾਰ ਸਿਰਦਰਦ, ਅੱਖਾਂ 'ਚ ਤੇਜ਼ ਦਰਦ, ਜੀਅ ਕੱਚਾ ਹੋਣਾ ਜਾਂ ਉਲਟੀਆਂ ਆਉਣਾ, ਅੱਖਾਂ ਦਾ ਧੁੰਦਲਾਪਣ ਤੇ ਅੱਖਾਂ ਦਾ ਲਾਲ ਹੋਣਾ ਹੋ ਸਕਦਾ ਹੈ। ਜੇਕਰ ਅਜਿਹੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਜਾਂਚ ਅਤੇ ਇਲਾਜ ਲਈ ਮਾਹਿਰ ਦੀ ਸਲਾਹ ਲੈਣੀ ਜ਼ਰੂਰੀ ਸਮਝੀ ਜਾਂਦੀ ਹੈ।


ਬਲਬ ਦੁਆਲੇ ਸਤਰੰਗੀ ਘੇਰਾ ਦਿਖਾਈ ਦੇਣਾ
ਸਿਹਤ ਮਾਹਿਰਾਂ ਦਾ ਕਹਿਣਾ ਹੈ, ਕਾਲੀਆ ਮੋਤੀਆ ਵਾਲੇ ਮਰੀਜ਼ਾਂ ਵਿੱਚ ਸਭ ਤੋਂ ਪ੍ਰਮੁੱਖ ਲੱਛਣ ਬੱਲਬ ਜਾਂ ਰੋਸ਼ਨੀ ਵੱਲ ਦੇਖਦੇ ਸਮੇਂ ਇੱਕ ਇੰਦਰਧਨੁਸ਼ (ਸਤਰੰਗੀ) ਘੇਰਾ ਦਿਖਾਈ ਦੇਣਾ। ਜੇਕਰ ਤੁਹਾਨੂੰ ਵੀ ਕੁਝ ਦੇਰ ਤੱਕ ਬੱਲਬ ਦੇ ਆਲੇ-ਦੁਆਲੇ ਕੋਈ ਘੇਰਾ ਨਜ਼ਰ ਆਉਂਦਾ ਹੈ, ਤਾਂ ਇਸ ਨੂੰ ਮੋਤੀਆਬਿੰਦ ਦਾ ਲੱਛਣ ਮੰਨਿਆ ਜਾ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਖ਼ਤਰਿਆਂ ਬਾਰੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ : Apples Benefits: ਰੋਜ਼ਾਨਾ ਇੱਕ ਸੇਬ ਦਾ ਸੇਵਨ ਕਰਨ ਨਾਲ ਮਿਲਣਗੇ ਇਹ ਹੈਰਾਨੀਜਨਕ ਫਾਇਦੇ, ਕੀ ਤੁਸੀਂ ਜਾਣਦੇ ਹੋ? ਇੱਥੇ ਸੂਚੀ ਪੜ੍ਹੋ


Disclaimer: ਜ਼ੀ ਪੰਜਾਬ-ਹਰਿਆਣਾ ਤੇ ਹਿਮਾਚਲ ਅਦਾਰਾ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਡਾਕਟਰੀ ਸਲਾਹ ਲਓ।