Ludhiana News: ਲੁਧਿਆਣਾ `ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਕੇ ਤੀਸਰੀ ਮੰਜ਼ਿਲ ਤੋਂ ਹੇਠਾ ਸੁੱਟਿਆ
Ludhiana News: ਮੁੱਢਲੀ ਜਾਂਚ `ਚ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀ ਕਰੀਬ ਡੇਢ ਮਹੀਨਾ ਪਹਿਲਾਂ ਉਕਤ ਕੁਆਰਟਰ `ਚ ਰਹਿਣ ਲਈ ਆਇਆ ਸੀ। ਕੁਆਰਟਰ ਵਿੱਚ ਕੁੱਲ 120 ਤੋਂ ਵੱਧ ਕਮਰੇ ਹਨ। ਜਿਸ ਵਿੱਚ 400 ਤੋਂ ਵੱਧ ਲੋਕ ਰਹਿੰਦੇ ਹਨ।
Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦੋਸ਼ੀ ਨੇ ਪਹਿਲਾਂ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦਾ ਹਾਲ ਬੇਹਾਲ ਹੈ। ਲੁਧਿਆਣਾ ਦੇ ਮੋਤੀ ਨਗਰ ਥਾਣਾ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਸ਼ੇਰਪੁਰ ਦੇ ਰਣਜੀਤ ਨਗਰ ਸਥਿਤ ਫ਼ੌਜੀ ਕਲੋਨੀ ਵਿੱਚ ਮੰਗਲਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫੌਜੀ ਕਾਲੋਨੀ 'ਚ ਇਕ ਲੜਕੀ ਕੁਆਰਟਰ ਦੇ ਬਾਹਰ ਖੇਡ ਰਹੀ ਸੀ ਤਾਂ ਦੋਸ਼ੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਲੜਕੀ ਨੂੰ ਆਪਣੇ ਕਮਰੇ ਵਿਚ ਲੈ ਗਿਆ। ਘਟਨਾ ਤੋਂ ਬਾਅਦ ਦੋਸ਼ੀ ਨੇ ਲੜਕੀ ਨੂੰ ਕੁਆਰਟਰ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜਿਵੇਂ ਹੀ ਦੋਸ਼ੀ ਨੇ ਬੱਚੀ ਨੂੰ ਹੇਠਾਂ ਸੁੱਟਿਆ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਡਿੱਗਦੇ ਦੇਖਿਆ। ਜਿਸ ਕਾਰਨ ਇਲਾਕਾ ਵਾਸੀ ਤੁਰੰਤ ਇਕੱਠੇ ਹੋ ਗਏ।
ਇਲਾਕਾ ਨਿਵਾਸੀਆਂ ਨੇ ਦੱਸਿਆ, ''ਲੜਕੀ ਅਰਧ ਨਗਨ ਸੀ ਅਤੇ ਉਸ ਦੇ ਗੁਪਤ ਅੰਗਾਂ 'ਚੋਂ ਖੂਨ ਵਹਿ ਰਿਹਾ ਸੀ। ਆਸ-ਪਾਸ ਦੇ ਲੋਕਾਂ ਨੇ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਮੁਲਜ਼ਮ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਕਿੱਥੇ ਗਏ।
ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀ ਕਰੀਬ ਡੇਢ ਮਹੀਨਾ ਪਹਿਲਾਂ ਉਕਤ ਕੁਆਰਟਰ 'ਚ ਰਹਿਣ ਲਈ ਆਇਆ ਸੀ। ਕੁਆਰਟਰ ਵਿੱਚ ਕੁੱਲ 120 ਤੋਂ ਵੱਧ ਕਮਰੇ ਹਨ। ਜਿਸ ਵਿੱਚ 400 ਤੋਂ ਵੱਧ ਲੋਕ ਰਹਿੰਦੇ ਹਨ। ਮੁਲਜ਼ਮ ਵੀ ਇਸੇ ਕੁਆਰਟਰ ਵਿੱਚ ਰਹਿੰਦਾ ਸੀ। ਮੁਲਜ਼ਮ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਿਸ ਉਕਤ ਦੋਸ਼ੀ ਦੇ ਨਾਮ ਅਤੇ ਹੋਰ ਜਾਣਕਾਰੀ ਦਾ ਪਤਾ ਲਗਾ ਰਹੀ ਹੈ।
ਲੜਕੀ ਦੇ ਪਿਤਾ ਨੇ ਕਿਹਾ- ਉਹ ਡਿਊਟੀ 'ਤੇ ਗਿਆ ਸੀ। ਉਸ ਨੂੰ ਫੋਨ ਆਇਆ ਕਿ ਉਸ ਦੀ ਬੇਟੀ ਨਾਲ ਅਜਿਹਾ ਕੁਝ ਵਾਪਰਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਆਪਣੇ ਘਰ ਪਹੁੰਚਿਆ, ਜਿੱਥੇ ਉਸ ਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਜਾਂਚ ਲਈ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ।
ਮੋਤੀ ਨਗਰ ਥਾਣੇ ਅਤੇ ਸੀਆਈਏ ਦੀਆਂ ਟੀਮਾਂ ਵੀ ਜਾਂਚ ਕਰ ਰਹੀਆਂ ਹਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।