Aman Arora News: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਸਾਨਾਂ ਦੇ ਵਿਰੋਧ ਵਿਚਾਲੇ ਕੇਂਦਰ ਸਰਕਾਰ ਖਿਲਾਫ ਜੰਮ੍ਹਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਫ਼ਿਰ ਕੇਂਦਰ ਦੀ ਭਾਜਪਾ ਸਰਕਾਰ ਦਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਕੇਂਦਰ ਨੂੰ ਕਹਿ ਰਹੀ ਸੀ ਕਿ ਪੰਜਾਬ ਦੇ ਗੋਦਾਮਾਂ ਵਿਚ ਪਏ ਫੂਡਗ੍ਰੇਨ ਦੇ ਸਟਾਕ ਨੂੰ ਖ਼ਾਲੀ ਕੀਤਾ ਜਾਵੇ। ਪਰ ਕੇਂਦਰ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਹੀਂ ਆਈ। ਅੱਜ ਹਾਲਾਤ ਇਹ ਬਣੇ ਪਏ ਹਨ ਕਿ ਉਨ੍ਹਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨ ਰੁਲ ਰਹੇ ਹਨ। ਪੰਜਾਬ ਦੇ ਗੋਦਾਮਾਂ ਵਿਚ ਪਏ ਕਣਕ ਅਤੇ ਚੌਲ ਦਾ ਸਟਾਕ ਨੂੰ ਸ਼ਿਫਟ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਸੀ। ਪੰਜਾਬ ਸਰਕਾਰ ਵੱਲੋਂ ਬੜੀ ਵਾਰ ਚਿੱਠੀਆਂ ਵੀ ਲਿਖੀਆਂ ਗਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਆਪ ਵੀ ਉੱਥੇ ਜਾ ਕੇ ਮਿਲੇ, ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ।


COMMERCIAL BREAK
SCROLL TO CONTINUE READING

ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਿਰਫ਼ ਇਸ ਮਨਸੂਬੇ ਨਾਲ ਇਹ ਸਭ ਕਰ ਰਹੀ ਹੈ ਕਿਉਂਕਿ ਪੰਜਾਬ ਤੇ ਪੰਜਾਬੀਆਂ ਖ਼ਿਲਾਫ਼ ਲਿਆਂਦੇ 3 ਕਾਲੇ ਕਾਨੂੰਨਾਂ ਦੇ ਮਾਮਲੇ ਵਿਚ ਉਸ ਨੂੰ ਮੂੰਹ ਦੀ ਖਾਣੀ ਪਈ ਸੀ। ਉਸ ਦਾ ਬਦਲਾ ਲੈਣ ਲਈ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਤੋਂ ਬਦਲਾ ਲੈਣ ਲਈ ਉਹ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਕੈਬਨਿਟ ਮੰਤਰੀ ਨੇ ਭਰੋਸਾ ਦੁਆਇਆ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ।


ਮੰਤਰੀ ਨੇ ਕਿਹਾ ਕਿ ਕੇਂਦਰ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੇ ਨੱਕ ਵਿਚ ਦਮ ਕਰ ਕੇ ਉਨ੍ਹਾਂ ਨੂੰ ਕਿਸਾਨੀ ਸਿਸਟਮ ਵਿਚੋਂ ਕੱਢਣਾ ਚਾਹੁੰਦੀ ਹੈ ਤਾਂ ਜੋ ਉਹ ਫੂਡਗ੍ਰੇਨ ਦਾ ਸਾਰਾ ਕੰਮ ਆਪਣੇ ਦੋਸਤ ਅਡਾਨੀ ਨੂੰ ਸੌਂਪ ਸਕਣ। ਭਾਜਪਾ ਦੀ ਚਾਲ ਹੈ ਕਿ ਉਹ ਪੰਜਾਬ ਦੀ ਕਿਸਾਨੀ ਦਾ ਸਾਰਾ ਕੰਮ ਅਡਾਨੀ ਨੂੰ ਦੇ ਸਕਣ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਅਡਾਨੀ ਦੀ ਬੈਕਡੋਰ ਐਂਟਰੀ ਦਾ ਪਲਾਨ ਬਣਾ ਲਿਆ ਹੈ ਤੇ ਇਹ ਉਸੇ ਪਲਾਨ ਤਹਿਤ ਕੰਮ ਕਰ ਰਹੇ ਹਨ। ਭਾਜਪਾ ਨੂੰ ਆਪਣਾ ਇਕ ਦੋਸਤ ਅਡਾਨੀ ਪੰਜਾਬ ਦੇ 3 ਕਰੋੜ ਲੋਕਾਂ ਨਾਲੋਂ ਵੱਧ ਪਿਆਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੇ ਨਾਲ ਖੜ੍ਹੀ ਹੈ ਤੇ ਅਸੀਂ ਉਨ੍ਹਾਂ ਦੇ ਹਿੱਤ ਦੀ ਰਾਖੀ ਲਈ ਕਿਸੇ ਵੀ ਹੱਦ ਤਕ ਜਾਵਾਂਗੇ।