Amritsar News: ਪੰਜਾਬ ਵੱਡਾ ਭਰਾ ਹੈ ਅਤੇ ਵੱਡੇ ਭਰਾ ਦਾ ਫਰਜ਼ ਹੈ ਕਿ ਆਪਣੇ ਛੋਟੇ ਭਰਾ ਹਰਿਆਣਾ ਨੂੰ ਦੇਵੇ ਪਾਣੀ - ਮੁੱਖ ਮੰਤਰੀ ਹਰਿਆਣਾ
Amritsar News: ਜਦੋਂ ਵੀ ਪੰਜਾਬ ਜਾਂ ਹਰਿਆਣੇ ਦੇ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਐਸਵਾਈਐਲ ਦਾ ਮੁੱਦਾ ਬੜਾ ਜ਼ੋਰਾਂ ਸ਼ੋਰਾਂ ਨਾਲ ਉੱਪਰ ਉੱਠਦਾ ਹੈ।
Amritsar News(ਪਰਬੀਰ ਔਲਖ): ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਮੱਥਾ ਟੇਕਣ ਪਹੁੰਚਦੀ ਹੈ। ਉੱਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਜਾ ਕੇ ਪੰਗਤ ਇਥੇ ਬੈਠ ਕੇ ਪ੍ਰਸ਼ਾਦਾ ਛਕਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਅਤੇ ਹਰਿਆਣਾ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਆ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਹੈ ਅਤੇ ਇਹ ਉਹ ਅਸਥਾਨ ਹੈ ਜਿੱਥੇ ਆ ਕੇ ਹਰੇਕ ਵਿਅਕਤੀ ਨੂੰ ਵੱਖਰੀ ਹੀ ਊਰਜਾ ਮਿਲਦੀ ਹੈ ਅਤੇ ਉਹ ਹਰਿਆਣੇ ਦੀ ਚੜਦੀ ਕਲਾ ਦੇ ਲਈ ਅਰਦਾਸ ਕਰਕੇ ਚਲੇ ਹਨ।
ਉਹਨਾਂ ਨੇ ਕਿਹਾ ਕਿ ਅੱਜ ਉਹ ਕੇਸਰੀ ਦਸਤਾਰ ਸਜਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ। ਉਹਨਾਂ ਕਿਹਾ ਕਿ ਦਸਤਾਰ ਉਹ ਹਰਿਆਣੇ 'ਚ ਵੀ ਕਈ ਵਾਰ ਸਜਾ ਚੁੱਕੇ ਹਨ ਪਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਜਦੋਂ ਉਹਨਾਂ ਨੇ ਦਸਤਾਰ ਸਜਾਈ ਉਸ ਨਾਲ ਵੱਖਰੀ ਐਨਰਜੀ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਸਤਾਰ ਸਾਡੇ ਗੁਰੂਆਂ ਦੀ ਦੇਣ ਹੈ ਇਹ ਦਸਤਾਰ 'ਤੇ ਮੈਨੂੰ ਫਕਰ ਹੈ ਕਿ ਮੈਂ ਅੱਜ ਦਸਤਾਰ ਸਜਾ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਰਿਹਾ ਉਹ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਹਰਿਆਣੇ ਦਾ ਵੱਡਾ ਭਰਾ ਹੈ ਅਤੇ ਹਰਿਆਣਾ ਛੋਟਾ ਭਰਾ ਹੈ। ਵੱਡਾ ਭਰਾ ਹੋਣ ਦੇ ਨਾਤੇ ਪੰਜਾਬ ਦਾ ਫਰਜ ਬਣਦਾ ਹੈ ਕਿ ਉਹ ਹਰਿਆਣੇ ਨੂੰ ਪਾਣੀ ਦਵੇ।
ਜ਼ਿਕਰ ਯੋਗ ਹੈ ਕਿ ਜਦੋਂ ਵੀ ਪੰਜਾਬ ਜਾਂ ਹਰਿਆਣੇ ਦੇ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਐਸਵਾਈਐਲ ਦਾ ਮੁੱਦਾ ਬੜਾ ਜ਼ੋਰਾਂ ਸ਼ੋਰਾਂ ਨਾਲ ਉੱਪਰ ਉੱਠਦਾ ਹੈ। ਅਤੇ ਜਦੋਂ ਹੀ ਚੋਣਾਂ ਖਤਮ ਹੁੰਦੀਆਂ ਹਨ ਤਾਂ ਐਸਵਾਈਐਲ ਦਾ ਮੁੱਦਾ ਖਤਮ ਹੁੰਦਾ ਦਿਖਾਈ ਦਿੰਦਾ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤਸਰ ਪਹੁੰਚ ਕੇ ਪੰਜਾਬ ਨੂੰ ਆਪਣਾ ਵੱਡਾ ਭਰਾ ਕਹਿ ਵੱਡੇ ਭਰਾ ਤੋਂ ਪਾਣੀ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹਨ।