Barinder Kumar Goyal(ਅਨਿਲ ਜੈਨ): ਪੰਜਾਬ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਅੱਜ ਸ਼ਾਮ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਲਹਿਰਾਗਾਗਾ ਪਹੁੰਚਣ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਰਕਿਟ ਕਮੇਟੀ ਦਫਤਰ ਵਿਖੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਰਸਮੀ ਸਲਾਮੀ ਵੀ ਦਿੱਤੀ ਗਈ। ਕੈਬਨਿਟ ਮੰਤਰੀ ਵਜੋਂ ਮਿਲੀ ਨਵੀਂ ਜ਼ਿੰਮੇਵਾਰੀ ਲਈ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਤੇ ਸਤਿਕਾਰ ਦਾ ਸ਼ੁਕਰਾਨਾ ਕਰਦਿਆਂ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਨੂੰ ਬਰਕਰਾਰ ਰੱਖਦੇ ਹੋਏ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ।


COMMERCIAL BREAK
SCROLL TO CONTINUE READING

ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਹ ਵਿਧਾਇਕ ਵਜੋਂ ਜਿੱਤ ਹਾਸਲ ਕਰ ਸਕੇ ਅਤੇ ਪੰਜਾਬ ਸਰਕਾਰ ਨੇ ਹੁਣ ਉਹਨਾਂ ਨੂੰ ਇਹ ਵੱਡੀ ਤੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ।


ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਉਹ ਪਿਛਲੇ ਢਾਈ ਸਾਲਾਂ ਤੋਂ ਲਹਿਰਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਯੋਜਨਾਬਧ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜੁਟੇ ਹੋਏ ਹਨ ਅਤੇ ਹੁਣ ਹੋਰ ਵੀ ਤਨਦੇਹੀ ਨਾਲ ਵਿਕਾਸ ਕੰਮ ਕਰਦੇ ਹੋਏ ਲਹਿਰਾ ਹਲਕੇ ਨਾਲ ਲੱਗੇ ਪਿਛੜੇਪਣ ਦੇ ਸ਼ਬਦ ਨੂੰ ਪੂਰਨ ਤੌਰ ਤੇ ਹਟਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਹਲਕਾ ਲਹਿਰਾ ਦਾ ਜਿੰਨਾ ਵਿਕਾਸ ਹੋਇਆ ਹੈ ਓਨਾ ਵਿਕਾਸ ਪਿਛਲੇ 40 ਸਾਲਾਂ ਵਿੱਚ ਨਹੀਂ ਹੋਇਆ ਸੀ।


ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਜਿਹੇ ਕੰਮਾਂ ਨੂੰ ਮੁਕੰਮਲ ਕੀਤਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ। ਉਹਨਾਂ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਹੋਏ ਵਿਕਾਸ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਵਿੱਚ ਲਗਭਗ 17000 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਗਿਆ ਹੈ ਜਦਕਿ ਘੱਗਰ ਦਰਿਆ ਦੀ ਮੁੱਖ ਸਮੱਸਿਆ ਨੂੰ ਹੱਲ ਕਰਨ ਦੇ ਨਾਲ ਨਾਲ ਭਾਖੜਾ ਉੱਤੇ ਰੇਲਿੰਗ ਲਗਵਾਈ ਗਈ ਅਤੇ ਮੌਜੂਦਾ ਸਮੇਂ ਵਿੱਚ ਵੀ ਹਲਕੇ ਦੇ ਸਾਰੇ 79 ਪਿੰਡਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ।


ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਈਨਿੰਗ ਮਾਫੀਆ ਨਾਲ ਸਖਤੀ ਨਾਲ ਨਜਿੱਠਣ ਲਈ ਹਰ ਢੁਕਵੇ ਅਤੇ ਲੋੜੀਂਦੇ ਕਦਮ ਚੁੱਕੇਗੀ। ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਵਚਨਬਧ ਹਾਂ।


ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਲਹਿਰਾ ਸ਼ਹਿਰ ਦੇ ਵਿੱਚੋਂ ਵਿੱਚ ਸਥਿਤ ਪੁਰਾਣੇ ਬਿਜਲੀ ਘਰ ਦੀ ਇਮਾਰਤ ਨੂੰ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਇਮਾਰਤ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਲਈ ਮੁਢਲੇ ਕਾਰਜ ਛੇਤੀ ਹੀ ਆਰੰਭ ਕੀਤੇ ਜਾ ਰਹੇ ਹਨ।