Nepal Earthquake: ਭਿਆਨਕ ਭੂਚਾਲ ਦਾ ਸਾਹਮਣਾ ਕਰ ਰਹੇ ਨੇਪਾਲ 'ਚ ਐਤਵਾਰ ਸਵੇਰੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਾਰ ਤੀਬਰਤਾ 3.6 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਕਿ ਭੂਚਾਲ ਐਤਵਾਰ ਸਵੇਰੇ 4:38 ਵਜੇ ਆਇਆ, ਜਿਸਦਾ ਕੇਂਦਰ ਕਾਠਮੰਡੂ ਤੋਂ 169 ਕਿਲੋਮੀਟਰ ਉੱਤਰ-ਪੱਛਮ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਨੇਪਾਲ 'ਚ 6.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ। ਇਸ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਵੀ 3.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲਗਾਤਾਰ ਆਉਣ ਵਾਲੇ ਭੂਚਾਲ ਨੇ ਨੇਪਾਲ ਦੇ ਲੋਕਾਂ ਨੂੰ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਨੇਪਾਲ 'ਚ ਸ਼ੁੱਕਰਵਾਰ ਰਾਤ 11:47 'ਤੇ ਆਏ ਜ਼ਬਰਦਸਤ ਭੂਚਾਲ ਕਾਰਨ ਹੁਣ ਤੱਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 375 ਲੋਕ ਜ਼ਖਮੀ ਹੋਏ ਹਨ। ਸਭ ਤੋਂ ਵੱਧ ਤਬਾਹੀ ਪੱਛਮੀ ਜ਼ਿਲ੍ਹਿਆਂ ਜਾਜਰਕੋਟ ਅਤੇ ਪੱਛਮੀ ਰੁਕਮ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਭੂਚਾਲ ਦੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਪੱਛਮੀ ਨੇਪਾਲ 'ਚ 159 ਝਟਕੇ ਮਹਿਸੂਸ ਕੀਤੇ ਗਏ।


ਇਹ ਵੀ ਪੜ੍ਹੋ: Earthquake In Nepal: ਨੇਪਾਲ 'ਚ ਭੂਚਾਲ ਕਾਰਨ ਕਈ ਘਰ ਢਹਿ-ਢੇਰੀ, ਹੁਣ ਤੱਕ 70 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ

ਪੱਛਮੀ ਨੇਪਾਲ 'ਚ 6.4 ਤੀਬਰਤਾ ਦੇ ਭੂਚਾਲ ਨਾਲ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਸੈਂਕੜੇ ਲੋਕ ਲਾਪਤਾ ਹਨ, ਫੌਜ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਲਬੇ ਹੇਠੋਂ ਲੋਕਾਂ ਨੂੰ ਕੱਢਣ ਲਈ ਸੰਘਰਸ਼ ਜਾਰੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਰਾਇਣ ਪ੍ਰਸਾਦ ਭੱਟਾਰਾਈ ਨੇ ਕਿਹਾ ਕਿ ਪੱਛਮੀ ਜ਼ਿਲ੍ਹਿਆਂ ਜਾਜਰਕੋਟ ਅਤੇ ਪੱਛਮੀ ਰੁਕਮ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਕੱਲੇ ਜਾਜਰਕੋਟ ਵਿੱਚ 105 ਅਤੇ ਰੁਕਮ ਵਿੱਚ 52 ਲੋਕਾਂ ਦੀ ਮੌਤ ਹੋ ਗਈ।


ਨੇਪਾਲ 'ਚ ਸ਼ੁੱਕਰਵਾਰ ਨੂੰ 2015 ਤੋਂ ਬਾਅਦ ਸਭ ਤੋਂ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2015 'ਚ 7.8 ਤੀਬਰਤਾ ਦੇ ਭੂਚਾਲ 'ਚ ਕਰੀਬ 9000 ਲੋਕਾਂ ਦੀ ਮੌਤ ਹੋ ਗਈ ਸੀ ਅਤੇ 22 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਅੰਤਰਰਾਸ਼ਟਰੀ ਸੰਸਥਾਵਾਂ ਅਤੇ ਰੈੱਡ ਕਰਾਸ ਮੁਤਾਬਕ ਉਸ ਸਮੇਂ 8 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ, ਖਾਸ ਕਰਕੇ ਪੱਛਮੀ ਅਤੇ ਕੇਂਦਰੀ ਜ਼ਿਲ੍ਹਿਆਂ ਵਿੱਚ।


ਇਹ ਵੀ ਪੜ੍ਹੋ: Delhi  Air Pollution: ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ, ਦਵਾਰਕਾ 'ਚ AQI 486 ਤੋਂ ਪਾਰ, IGI ਹਵਾਈ ਅੱਡੇ 'ਤੇ 480