Fatehgarh Sahib News: ਅੰਨ੍ਹੇ ਕਤਲ ਕੇਸ ਦੀ ਗੁੱਥੀ ਪੁਲਿਸ ਨੇ ਹੱਲ ਕਰ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ
Fatehgarh Sahib News: ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਸਪੈਸ਼ਲ ਟੀਮ ਨੇ ਟੈਕਨੀਕਲ, ਡਿਜੀਟਲ ਅਤੇ ਫੋਰੈਂਸਿਕ ਵੇਰਵੇ ਇੱਕਤਰ ਕਰਕੇ ਮ੍ਰਿਤਕ ਦੀ ਪਹਿਚਾਣ ਦਾ ਪਤਾ ਲਗਾਇਆ।
Fatehgarh Sahib News: ਬੀਤੀ 14 ਨਵੰਬਰ ਨੂੰ ਥਾਣਾ ਖਮਾਣੋਂ ਦੇ ਪਿੰਡ ਜਟਾਣਾ ਨੀਵਾਂ ਦੇ ਡੇਰਾ ਬਾਬਾ ਹਰੀ ਸਿੰਘ ਜੀ ਦੀ ਸਮਾਧ ਕੋਲ ਪਈ ਅਣਪਛਾਤੀ ਲਾਸ਼ ਦੇ ਕਤਲ ਕੇਸ ਦੀ ਗੁੱਥੀ ਜ਼ਿਲ੍ਹਾ ਪੁਲਿਸ ਨੇ ਹੱਲ ਕਰਕੇ ਕਤਲ ਵਿੱਚ ਸ਼ਾਮਲ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ। ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਜਿਸ ਦੀ ਪਹਿਚਾਣ ਨਹੀਂ ਹੋ ਰਹੀ ਸੀ, ਬਾਰੇ ਸੂਚਨਾ ਮਿਲਣ ਤੇ ਪੁਲਿਸ ਨੇ ਐਸ.ਪੀ (ਜਾਂਚ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਡੀਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਅਤੇ ਮੁੱਖ ਥਾਣਾ ਅਫਸਰ ਖਮਾਣੋਂ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਸਪੈਸ਼ਲ ਟੀਮ ਨੇ ਟੈਕਨੀਕਲ, ਡਿਜੀਟਲ ਅਤੇ ਫੋਰੈਂਸਿਕ ਵੇਰਵੇ ਇੱਕਤਰ ਕਰਕੇ ਮ੍ਰਿਤਕ ਦੀ ਪਹਿਚਾਣ ਦਾ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਤੋਂ ਮ੍ਰਿਤਕ ਦਾ ਨਾਮ ਸੁੰਦਰ ਕੁਮਾਰ ਉਰਫ ਸੁਨੀਲ ਪੁੱਤਰ ਦੇਵ ਰਾਮ ਵਾਸੀ ਪਲਵਰਾ, ਥਾਣਾ ਥਰਾਲੀ, ਜ਼ਿਲ੍ਹਾ ਚਮੇਲੀ ਉਤਰਾਖੰਡ, ਜਿਸ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਹਾਲ ਵਾਸੀ ਮਕਾਨ ਮਾਲਕ ਕਿਰਾਏਦਾਰ ਬਲਜੀਤ ਸਿੰਘ ਸੈਕਟਰ 57 ਐਸ.ਏ.ਐਸ. ਨਗਰ ਪਾਇਆ ਗਿਆ। ਪੁਲਿਸ ਟੀਮ ਨੇ ਮੌਕੇ ਤੇ ਜਾ ਕੇ ਮੌਕੇ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੀਤੀ ਅਤੇ ਤਕਨੀਕੀ ਵਿੰਗ ਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀਆਂ ਫੋਟੋਆਂ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਆ ਤੇ ਵੀ ਪਾਈਆਂ ਗਈਆਂ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖਤ ਕਰਵਾਈ। ਮ੍ਰਿਤਕ ਸੁੰਦਰ ਕੁਮਾਰ ਉਰਫ ਸੁਨੀਲ ਦੇ ਭਰਾ ਹੀਰਾ ਰਾਮ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਇਹ ਲਾਸ਼ ਉਸ ਦੇ ਭਰਾ ਸੁੰਦਰ ਕੁਮਾਰ ਉਰਫ ਸੁਨੀਲ ਦੀ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਮੋਹਾਲੀ ਵਿਖੇ ਠੇਕੇਦਾਰ ਅਜੈ ਯਾਦਵ ਕੋਲ ਕੈਟਰਿੰਗ ਦਾ ਕੰਮ ਕਰਦਾ ਸੀ।
ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮ੍ਰਿਤਕ ਸੁੰਦਰ ਕੁਮਾਰ ਉਰਫ ਸੁਨੀਲ ਦੇ ਠੇਕੇਦਾਰ ਅਜੈ ਯਾਦਵ ਦੀ ਭੈਣ ਨਾਲ ਪ੍ਰੇਮ ਸਬੰਧ ਸਨ। ਜਿਸ ਦੀ ਰੰਜਿਸ਼ ਕਾਰਨ ਠੇਕੇਦਾਰ ਅਜੈ ਯਾਦਵ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੇ ਸੁੰਦਰ ਕੁਮਾਰ ਉਰਫ ਸੁਨੀਲ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਠੇਕੇਦਾਰ ਅਜੈ ਯਾਦਵ ਅਤੇ ਅਨੰਦ ਚੁਰਸੀਆ ਦੇ ਖਿਲਾਫ ਥਾਣਾ ਖਮਾਣੋਂ ਵਿਖੇ ਧਾਰਾ 103, 3 (5) ਬੀ.ਐਨ.ਐਸ. ਅਧੀਨ ਮਿਤੀ 17 ਨਵੰਬਰ ਨੂੰ ਮੁਕੱਦਮਾ ਨੰਬਰ 109 ਦਰਜ਼ ਕੀਤਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਅਤੇ ਕਥਿਤ ਦੋਸ਼ੀ ਅਜੈ ਯਾਦਵ ਠੇਕੇਦਾਰ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40, ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਅਤੇ ਅਨੰਦ ਚਾਰਸੀਆ ਪੁੱਤਰ ਵਿਜੈ ਚਾਰਸੀਆ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੂੰ ਗ੍ਰਿਫਤਾਰ ਕਰਕੇ ਕਤਲ ਵਿੱਚ ਵਰਤਿਆ ਗਿਆ ਬੁਲਟ ਮੋਟਰ ਸਾਇਕਲ ਨੰਬਰ ਪੀ.ਬੀ.-65-ਬੀ.ਡੀ.-8507 ਬਰਾਮਦ ਕੀਤਾ ਗਿਆ ਅਤੇ ਮਿਤੀ 18-11-2024 ਨੂੰ ਇੱਕ ਕਾਲੀ ਜੈਕਟ, ਇੱਕ ਚਾਕੂ, ਇੱਕ ਰੱਸੀ, 02 ਮੋਬਾਇਲ ਅਤੇ ਇੱਕ ਕਾਲੇ ਰੰਗ ਦੀ ਨੋਆਇਸ ਕੰਪਨੀ ਦੀ ਸਮਾਰਟ ਵਾਚ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਕੀਤੀ ਸਖਤੀ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਮਿਤੀ 13.11.2024 ਨੂੰ ਮ੍ਰਿਤਕ ਸੁੰਦਰ ਕੁਮਾਰ ਨੂੰ ਲੈ ਕੇ ਗਏ ਸਨ ਅਤੇ ਉਸ ਨੂੰ ਮੋਟਰ ਸਾਇਕਲ ਤੇ ਘੁਮਾਉਂਦੇ ਰਹੇ ਤੇ ਹਨੇਰਾ ਹੋਣ ਦੀ ਉਡੀਕ ਕਰਦੇ ਰਹੇ। ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਹਨੇਰਾ ਹੋਣ ਤੇ ਉਨ੍ਹਾਂ ਮ੍ਰਿਤਕ ਸੁੰਦਰ ਕੁਮਾਰ ਦਾ ਰੱਸੀ ਨਾਲ ਗਲਾ ਘੁੱਟ ਕੇ ਅਤੇ ਚਾਕੂ ਨਾਲ ਗਲ ਤੇ ਕੱਟ ਲਗਾ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।